ਢੰਡਾਰੀ ਕਲਾਂ ਅਤੇ ਨਾਲ ਲੱਗਦੇ ਇਲਾਕਿਆਂ 'ਚ ਝੋਲਾਛਾਪ ਡਾਕਟਰਾਂ ਦੀ ਭਰਮਾਰ
ਢੰਡਾਰੀ ਕਲਾਂ ਇਲਾਕੇ ਵਿਚ ਚੱਲ ਰਹੇ ਕਲੀਨਿਕਾਂ ਦੇ ਵੱਖ ਵੱਖ ਦਿ੍ਸ਼ | ਅਜੀਤ ਤਸਵੀਰਾਂ
<br/>
22-02-2026
ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 21 ਫਰਵਰੀ-ਸੂਬਾ ਸਰਕਾਰ ਬੇਸ਼ੱਕ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਪ੍ਰਚਾਰ ਕਰ ਰਹੀ ਹੈ ਅਤੇ ਥਾਂ-ਥਾਂ 'ਤੇ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਗਏ ਹਨ ਤਾਂ ਜੋ ਲੋਕਾਂ ਨੂੰ ਸਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ, ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਦੱਖਣੀ ਦੀ ਗੱਲ ਕਰੀਏ ਤਾਂ ਝੋਲਾ ਛਾਪ ਡਾਕਟਰਾਂ ਦੀਆਂ ਦੁਕਾਨਾਂ ਹਰ ਗਲੀ-ਨੁੱਕੜ 'ਚ ਦੇਖਣ ਨੂੰ ਆਮ ਹੀ ਮਿਲਦੀਆਂ ਹਨ, ਜੋ ਕਿ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕਰ ਰਹੇ ਹਨ | ਇਨ੍ਹਾਂ ਕਲੀਨਿਕਾਂ ਦੇ ਬਾਹਰ ਨਾ ਤਾਂ ਡਾਕਟਰ ਦੀ ਕੋਈ ਡਿਗਰੀ ਲਿਖੀ ਹੁੰਦੀ ਹੈ ਅਤੇ ਨਾ ਹੀ ਡਾਕਟਰ ਕਿਸ ਬਿਮਾਰੀ ਦਾ ਮਾਹਿਰ ਹੈ, ਦਾ ਜ਼ਿਕਰ ਹੁੰਦਾ ਹੈ, ਬਲਕਿ ਸਾਰੀਆਂ ਹੀ ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕੀਤੇ ਮਿਲਦੇ ਹਨ | ਜਦੋਂ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਮੱਕੜ ਕਾਲੋਨੀ, ਸ਼ੇਰਪੁਰ ਕਲਾਂ, ਸ਼ੇਰਪੁਰ ਖ਼ੁਰਦ, ਗਿਆਸਪੁਰਾ, 33 ਫੁੱਟਾ ਰੋਡ, ਦੀਪ ਨਗਰ, ਫ਼ੌਜੀ ਕਾਲੋਨੀ, ਗੁਰੂ ਨਾਨਕ ਕਾਲੋਨੀ ਸਮੇਤ ਅਨੇਕਾਂ ਇਲਾਕਿਆਂ ਦਾ ਦੌਰਾ ਕੀਤਾ ਤਾਂ ਅਨੇਕਾਂ ਅਜਿਹੇ ਕਲੀਨਿਕ ਖੁੱਲ੍ਹੇ ਦੇਖੇ ਗਏ | ਹਲਕਾ ਦੱਖਣੀ ਵਿਚ ਬਹੁਗਿਣਤੀ ਪ੍ਰਵਾਸੀ ਵਸੋਂ ਦੀ ਹੈ ਅਤੇ ਗਲੀ-ਮੁਹੱਲਿਆਂ ਵਿਚ ਕਲੀਨਿਕ ਚਲਾਉਣ ਵਾਲੇ ਵੀ ਜ਼ਿਆਦਾਤਰ ਪ੍ਰਵਾਸੀ ਹੀ ਹਨ | ਇਨ੍ਹਾਂ ਕਲੀਨਿਕਾਂ ਵਿਚ ਵੱਡੀ ਗਿਣਤੀ ਝੋਲਾ ਛਾਪ ਡਾਕਟਰਾਂ ਦੀ ਹੈ, ਜੋ ਕਿਸੇ ਡਾਕਟਰ ਪਾਸੋਂ ਮੁੱਢਲੀ ਸਿਖਲਾਈ ਲੈ ਕੇ ਆਪਣੀਆਂ ਕਲੀਨਿਕਾਂ ਚਲਾ ਰਹੇ ਹਨ ਅਤੇ ਹਰ ਬਿਮਾਰੀ ਦਾ ਇਲਾਜ ਕਰਨ ਵਿਚ ਮਾਹਿਰ ਹੋਣ ਦਾ ਦਾਅਵਾ ਕਰਦੇ ਹਨ | ਘੱਟ ਪੈਸਿਆਂ ਦੇ ਲਾਲਚ ਵਿਚ ਲੋਕ ਇਨ੍ਹਾਂ ਕਲੀਨਿਕਾਂ ਤੱਕ ਪਹੁੰਚ ਕਰਦੇ ਹਨ ਅਤੇ ਕਈ ਵਾਰ ਇਹ ਡਾਕਟਰ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਆਪਣਾ ਗਾਹਕ ਬਣਾਉਣ ਦੇ ਚੱਕਰ ਵਿਚ ਜਿੱਥੇ ਆਰਥਿਕ ਲੁੱਟ ਕਰਦੇ ਹਨ, ਉਥੇ ਹੀ ਇਨ੍ਹਾਂ ਲੋਕਾਂ ਦੀ ਸਿਹਤ ਨਾਲ ਵੀ ਵੱਡਾ ਖਿਲਵਾੜ ਕਰਦੇ ਹਨ | ਕਈ ਵਾਰ ਤਾਂ ਬਿਮਾਰੀ ਘਟਾਉਣ ਦੀ ਬਜਾਏ ਉਸ ਵਿਚ ਇੰਨਾ ਵਾਧਾ ਕਰ ਦਿੰਦੇ ਹਨ ਕਿ ਉਹ ਲਾ-ਇਲਾਜ ਹੋ ਜਾਂਦੀ ਹੈ | ਜਦ ਮਰੀਜ਼ ਦੀ ਸਥਿਤੀ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਨੂੰ ਵੱਡੇ ਕਲੀਨਿਕਾਂ ਅਤੇ ਹਸਪਤਾਲਾਂ 'ਚ ਭੇਜ ਦਿੱਤਾ ਜਾਂਦਾ ਹੈ, ਜਿਨ੍ਹਾਂ ਨਾਲ ਝੋਲਾ ਛਾਪ ਡਾਕਟਰਾਂ ਦੀ ਪਹਿਲਾਂ ਹੀ ਗੰਢ-ਤੁਪ ਹੁੰਦੀ ਹੈ | ਸਿਹਤ ਵਿਭਾਗ ਦੀ ਨੱਕ ਹੇਠ ਇਹ ਸਭ ਗੋਰਖ ਧੰਦਾ ਵੱਧ ਫੁੱਲ ਰਿਹਾ ਹੈ, ਪਰ ਸਿਹਤ ਵਿਭਾਗ ਵਲੋਂ ਵਿਰਲੇ ਹੀ ਕਿਤੇ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ |