ਲੁਧਿਆਣਾ, 23 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਭਰ ਵਿਚ ਚੱਲ ਰਹੀ ਵਿਸ਼ਾਲ ਸਫ਼ਾਈ ਮੁਹਿੰਮ ਹੁਣ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀ ਹੈ | ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਦੀ ਰਹਿਨੁਮਾਈ ਹੋਠ ਜਾਰੀ ਇਸ ਅਭਿਆਨ ਨੰੂ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ੋਨਲ ਕਮਿਸ਼ਨਰ ਮੈਦਾਨ ਵਿਚ ਉਤਰ ਕੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ | ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਏ. ਦੇ ਜ਼ੋਨਲ ਕਮਿਸ਼ਨਰ ਅਭਿਸ਼ੇਕ ਸ਼ਰਮਾ ਅਤੇ ਜ਼ੋਨ ਸੀ. ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨੇ ਸੋਮਵਾਰ ਨੰੂ ਆਪਣੇ ਆਪਣੇ ਖੇਤਰਾਂ ਵਿਚ ਵਿਸਥਾਰਪੂਰਵਕ ਨਿਰੀਖਣ ਕੀਤਾ | ਡਾਬਾ ਰੋਡ, ਹਰਕ੍ਰਿਸ਼ਨ ਪਬਲਿਕ ਸਕੂਲ ਨੇੜੇ, ਪਿੰਡ ਬੋਰਾ ਅਤੇ ਪ੍ਰਤਾਪ ਚੌਂਕ ਸਮੇਤ ਕਈ ਇਲਾਕਿਆਂ ਵਿਚ ਸਫ਼ਾਈ ਪ੍ਰਬੰਧਾਂ ਦੀ ਜਾਂਚ ਕੀਤੀ ਗਈ | ਅਧਿਕਾਰੀਆਂ ਨੇ ਮੌਕੇ ਤੇ ਕਰਮਚਾਰੀਆਂ ਨੰੂ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਖ਼ਾਮੀਆਂ ਨੰੂ ਤੁਰੰਤ ਦੂਰ ਕਰਨ ਲਈ ਕਿਹਾ | ਚਾਰਾਂ ਜ਼ੋਨਾਂ ਲਈ ਵਿਸਥਾਰਤ ਸ਼ਡਿਊਲ ਤਿਆਰ ਕੀਤਾ ਗਿਆ ਹੈ ਅਤੇ ਸਾਰੇ ਜ਼ੋਨਲ ਕਮਿਸ਼ਨਰਾਂ ਰੋਜ਼ਾਨਾ ਫ਼ੀਲਡ ਇੰਸਪੈਕਸ਼ਨ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਮੁੱਖ ਸੜਕਾਂ ਦੇ ਨਾਲ-ਨਾਲ ਅੰਦਰੂਨੀ ਗਲੀਆਂ ਅਤੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਤਾਂ ਜੋ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਸੁਚਾਰੂ ਰਹਿ ਸਕਣ | ਸਿਹਤ ਸ਼ਾਖਾ ਦੇ ਅਧਿਕਾਰੀਆਂ ਨੰੂ ਸਟਾਫ਼ ਨੰੂ ਠੋਸ ਕਚਰਾ ਪ੍ਰਬੰਧਨ ਬਾਰੇ ਲੋਕਾਂ ਨੰੂ ਜਾਗਰੂਕ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ | ਸਟੈਟਿਕ ਕੰਪੈਕਟਰ ਸਾਈਟਾਂ ਦੀ ਸਹੀ ਕਾਰਗੁਜ਼ਾਰੀ ਅਤੇ ਪਾਰਕਾਂ ਤੋਂ ਕੂੜਾ ਚੁੱਕਣ 'ਤੇ ਵੀ ਜ਼ੋਰ ਦਿੱਤਾ ਗਿਆ | ਡਾ. ਨੀਰੂ ਕਤਿਆਲ ਗੁਪਤਾ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੰੂ ਰੋਜ਼ਾਨਾ ਮੈਦਾਨੀ ਨਿਰੀਖਣ ਕਰਨ ਲਈ ਕਿਹਾ ਗਿਆ ਹੈ ਅਤੇ ਉਹ ਖੁਦ ਵੀ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ |