ਲੁਧਿਆਣਾ, 6 ਮਾਰਚ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਜਾਣ ਵਾਲੀਆਂ 10ਵੀਂ ਤੇ 5ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ | ਪਹਿਲੇ ਦਿਨ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੋਸ਼ਲ ਸਾਇੰਸ ਦਾ ਪੇਪਰ ਹੋਇਆ, ਜਿਸ ਨੰੂ ਵਿਦਿਆਰਥੀਆਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਦਿੱਤਾ | ਬੋਰਡ ਵਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋ ਕੇ 1 ਅਪ੍ਰੈਲ ਤੱਕ ਚੱਲਣਗੀਆਂ | ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਨੰੂ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਪ੍ਰਬੰਧਕਾਂ ਵਲੋਂ ਵੀ ਸੁਰੱਖਿਆ ਅਤੇ ਨਿਗਰਾਨੀ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਕਰਵਾਈਆਂ ਜਾ ਸਕਣ | ਇਸ ਦੇ ਨਾਲ ਹੀ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਅੱਜ ਤੋ ਸ਼ੁਰੂ ਹੋਈਆਂ, ਜਿਸ ਵਿਚ ਪਹਿਲੇ ਦਿਨ ਅੰਗਰੇਜ਼ੀ ਦਾ ਪੇਪਰ ਲਿਆ ਗਿਆ | 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਹ ਪੇਪਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਦਿੱਤਾ | ਬੋਰਡ ਵਲੋਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ 12 ਮਾਰਚ ਤੱਕ ਕਰਵਾਈਆਂ ਜਾਣਗੀਆਂ |