ਡਾਬਾ/ਲੁਹਾਰਾ, 10 ਮਾਰਚ (ਕੁਲਵੰਤ ਸਿੰਘ ਸੱਪਲ)-ਯੂਥ ਅਕਾਲੀ ਦਲ ਦੇ ਬੁਲਾਰੇ ਜਤਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਵਲੋਂ ਪੇਸ਼ ਕੀਤੇ ਗਏ ਪੰਜਵੇਂ ਬਜਟ ਨੂੰ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨਾਲ ਖੇਡਣ ਵਾਲਾ ਦੱਸਿਆ ਹੈ | ਖਾਲਸਾ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ 'ਆਪ' ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਨਾਕਾਮ ਰਹੀ ਹੈ | ਨਸ਼ਿਆਂ ਦੇ ਖਾਤਮੇ ਦੀਆਂ ਕਸਮਾਂ ਖਾਣ ਵਾਲੀ ਸਰਕਾਰ ਦੇ ਰਾਜ ਵਿਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ ਅਤੇ ਬਜਟ ਵਿਚ ਇਸ ਗੰਭੀਰ ਮੁੱਦੇ ਲਈ ਕੋਈ ਠੋਸ ਨੀਤੀ ਨਹੀਂ ਰੱਖੀ ਗਈ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਮਾਨਸਿਕ ਤਣਾਅ ਵਿਚ ਹਨ ਅਤੇ ਉੱਪਰੋਂ ਸੂਬੇ ਵਿਚ ਨੌਜਵਾਨਾਂ ਦੀਆਂ ਕਥਿਤ ਝੂਠੇ ਮੁਕਾਬਲਿਆਂ ਵਿਚ ਹੋ ਰਹੀਆਂ ਮੌਤਾਂ ਨੇ ਲੋਕਤੰਤਰ ਦਾ ਘਾਣ ਕਰ ਦਿੱਤਾ ਹੈ | ਖਾਲਸਾ ਨੇ ਸਪੱਸ਼ਟ ਕੀਤਾ ਕਿ ਯੂਥ ਅਕਾਲੀ ਦਲ ਇਨ੍ਹਾਂ ਵਧੀਕੀਆਂ ਵਿਰੁੱਧ ਹਰ ਪੱਧਰ 'ਤੇ ਸੰਘਰਸ਼ ਵਿੱਢੇਗਾ ਜਤਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹੁਣ 2027 ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਰਾਜ ਦੌਰਾਨ ਸਰਦਾਰ ਬਾਦਲ ਨੇ ਪੰਜਾਬ ਦੀ ਨੁਹਾਰ ਬਦਲਣ ਵਾਲੇ ਜੋ ਵਾਅਦੇ ਕੀਤੇ ਸਨ, ਉਹ ਅੱਜ ਵੀ ਲੋਕਾਂ ਦੇ ਮਨਾਂ ਵਿਚ ਵਸੇ ਹੋਏ ਹਨ | ਚਾਹੇ ਉਹ ਲੱਖਾਂ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣਾ ਹੋਵੇ, ਸੂਬੇ ਨੂੰ ਬਿਜਲੀ ਅਤੇ ਸੜਕਾਂ ਦੇ ਮਾਮਲੇ ਵਿਚ ਮੋਹਰੀ ਬਣਾਉਣਾ ਹੋਵੇ ਜਾਂ ਉਦਯੋਗਿਕ ਕ੍ਰਾਂਤੀ ਲਿਆਉਣੀ ਹੋਵੇ | ਸੁਖਬੀਰ ਸਿੰਘ ਬਾਦਲ ਦਾ ਵਿਕਾਸ ਮਾਡਲ ਹੀ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾ ਸਕਦਾ ਹੈ |