ਲਾਡੋਵਾਲ,11 ਮਾਰਚ (ਬਲਬੀਰ ਸਿੰਘ ਰਾਣਾ)-ਨਸ਼ੇ ਇਨਸਾਨ ਦੇ ਸਰੀਰ ਨੂੰ ਘੁਣ ਵਾਂਗ ਖਾ ਜਾਂਦੇ ਹਨ, ਜਿਸ ਨਾਲ ਇਨਸਾਨ ਦੀ ਤਾਕਤ ਖੁਸਣੀ ਸ਼ੁਰੂ ਹੋ ਜਾਂਦੀ ਹੈ 'ਤੇ ਸਰੀਰ ਨੂੰ ਕਮਜ਼ੋਰੀ ਅਤੇ ਬਿਮਾਰੀਆਂ ਜਕੜ ਲੈਂਦੀਆਂ ਹਨ | ਇਨਸਾਨ ਤਨ ਅਤੇ ਧਨ ਤੋਂ ਵੀ ਹੱਥ ਧੋ ਬਹਿੰਦਾ ਹੈ | ਨਸ਼ਾ ਚਾਹੇ ਦਾਰੂ (ਸ਼ਰਾਬ) ਦਾ ਹੋਵੇ, ਸਮੈਕ ਜਾਂ ਚਿੱਟੇ ਦਾ ਹੋਵੇ ਇਨਸਾਨ ਦੀ ਉਲਟੀ ਗਿਣਤੀ ਸ਼ੁਰੂ ਕਰਾ ਦਿੰਦੇ ਹਨ | ਪੰਜਾਬ ਵਿਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਕਾਰਵਾਈ ਕਰਕੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਫਿਰ ਵੀ ਚੰਦ ਰੁਪਇਆ ਦੀ ਖਾਤਰ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿਚ ਜੋ ਕਿ ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਹਨ, ਜਿਵੇਂ ਤਲਵੰਡੀ ਕਲਾਂ, ਪੰਜ ਢੇਰਾ, ਬੌਕੜ ਡੋਗਰਾਂ ਅਤੇ ਰਜਾਪੁਰ ਵਿਚ ਸ਼ਰਾਬ ਮਾਫੀਆ ਵੱਲੋਂ ਜੋ ਕੈਮੀਕਲ ਤੋਂ ਤਿਆਰ ਕੀਤੀ ਜਾਂਦੀ ਹੈ, ਘਰ ਦੀ ਕੱਢੀ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਕਈਆਂ ਤੇ ਪੁਲਿਸ ਨੇ ਪਰਚੇ ਵੀ ਦਿੱਤੇ ਹਨ, ਪਰ ਫਿਰ ਵੀ ਕੰਮ ਰੁਕ ਨਹੀਂ ਰਿਹਾ | ਸ਼ਰਾਬ ਮਾਫੀਆ ਵਲੋਂ ਲੋਕਾਂ ਨੂੰ ਇਹ ਜ਼ਹਿਰੀਲੀ ਸ਼ਰਾਬ ਪਿਲਾਕੇ ਲੋਕਾਂ ਦੀਆਂ ਅਨਮੋਲ ਜਿੰਦਗੀਆਂ ਨਾਲ ਖਿਲਵਾੜ ਕੀਤਾ ਰਿਹਾ ਹੈ, ਜਿਸ ਪਾਸੇ ਵੱਲ ਪੁਲਿਸ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ | ਕਸਬਾ ਲਾਡੋਵਾਲ ਦੀ ਬੁੱਕਲ ਵਿਚ ਵੱਸਦੇ ਕੁੱਝ ਪਿੰਡਾਂ ਦੇ ਲੋਕ ਇਨ੍ਹਾਂ ਸ਼ਰਾਬ ਮਾਫੀਆ ਪਾਸੋਂ ਦੇਸੀ ਘਰ ਦੀ ਕੱਢੀ ਸ਼ਰਾਬ ਪੀਣ ਲਈ ਇਸ ਕਦਰ ਮਜਬੂਰ ਹਨ ਕਿ ਉਹ ਠੇਕੇ ਦੀ ਮਹਿੰਗੀ ਸ਼ਰਾਬ ਲੈ ਕੇ ਨਹੀਂ ਪੀ ਸਕਦੇ | ਇਥੇ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਕੁੱਝ ਜ਼ਿਲੇ੍ਹ ਜਿਥੇ ਘਟੀਆ ਸ਼ਰਾਬ ਤਿਆਰ ਕਰਨ ਨਾਲ ਕਈ ਬੱਚਿਆਂ ਦੇ ਬਾਪ, ਕਈ ਭੈਣਾਂ ਦੇ ਭਰਾ ਜਾਨ ਤੋਂ ਹੱਥ ਧੋ ਬੈਠੇ ਅਤੇ ਕਈਆਂ ਭੈਣਾਂ ਦੇ ਸੁਹਾਗ ਉਜੜ ਗਏ, ਲੇਕਿਨ ਘਰ ਦੀ ਕੱਢੀ ਦੇਸੀ ਨਕਲੀ ਸ਼ਰਾਬ ਅੱਜ ਵੀ ਕੱਢੀ ਅਤੇ ਵੇਚੀ ਜਾ ਰਹੀ ਹੈ | ਜਿਸ ਨੂੰ ਪੀਣ ਨਾਲ ਇਕ ਦਮ ਨਸ਼ਾ ਚੜ ਜਾਂਦਾ ਹੈ, ਕਿਉਂਕਿ ਇਸ ਸ਼ਰਾਬ ਦੀ ਕੋਈ ਲਿਮਿਟ ਨਹੀਂ ਹੁੰਦੀ, ਲੇਕਿਨ ਸਿਹਤ ਲਈ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ,ਕਿਉਂਕਿ ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਇਸ ਨੂੰ ਸੁਚੱਜੇ ਢੰਗ ਨਾਲ ਜਿਉਣਾ ਚਾਹੀਦਾ ਹੈ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਬੰਦਾ ਮਾਰੂ, ਨਕਲੀ ਸ਼ਰਾਬ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਕਈ ਅਨਮੋਲ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਸਕਣ | ਪੁਲਿਸ ਪ੍ਰਸ਼ਾਸਨ ਸ਼ਰਾਬ ਮਾਫੀਆ ਤੇ ਸਖਤੀ ਨਾਲ ਪੇਸ਼ ਆਵੇ ਤਾਂ ਕਿਤੇ ਠੱਲ੍ਹ ਪੈਣ ਦੇ ਆਸਾਰ ਵੱਧ ਸਕਦੇ ਹਨ |