ਲੁਧਿਆਣਾ, 27 ਮਾਰਚ (ਜਸਵਿੰਦਰ ਸਿੰਘ)-ਹੈਬੋਵਾਲ ਡੇਅਰੀ ਕੰਪਲੈਕਸ ਵਿਚ ਸਥਿਤ ਈ.ਟੀ.ਪੀ1 ਪਲਾਂਟ ਪਿਛਲੇ ਕੁੱਝ ਦਿਨਾਂ ਤੋਂ ਬੰਦ ਹੋਣ ਕਾਰਨ ਇਲਾਕਾ ਨਿਵਾਸੀਆਂ ਅਤੇ ਡੇਅਰੀ ਮਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਪਲਾਂਟ ਬੰਦ ਹੋਣ ਕਾਰਨ ਡੇਅਰੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਓਵਰਫ਼ਲੋ ਹੋ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ¢ ਉਪਰੋਕਤ ਸਮੱਸਿਆ ਨੂੰ ਲੈ ਕੇ ਹੈਬੋਵਾਲ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਇਕ ਵਫ਼ਦ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਿਆ¢ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਨੇ ਦੱਸਿਆ ਕਿ ਇਹ ਪਲਾਂਟ ਪਿਛਲੇ ਢਾਈ ਸਾਲਾਂ ਤੋਂ ਸਹੀ ਚੱਲ ਰਿਹਾ ਸੀ¢ ਹਾਲਾਂਕਿ, ਹੁਣ ਨਗਰ ਨਿਗਮ ਅਤੇ ਪਲਾਂਟ ਚਲਾਉਣ ਵਾਲੀ ਨਿੱਜੀ ਕੰਪਨੀ ਵਿਚਾਲੇ ਚੱਲ ਰਹੇ ਆਪਸੀ ਵਿਵਾਦ ਕਾਰਨ ਕੰਮ ਰੋਕ ਦਿੱਤਾ ਗਿਆ ਹੈ¢ ਇਸ ਖਿੱਚੋਤਾਣ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਪਲਾਂਟ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ 'ਤੇ ਜਮਾਂ ਹੋ ਗਿਆ ਹੈ¢ ਇਸ ਤੋਂ ਇਲਾਵਾ, ਬਰਸਾਤੀ ਨਾਲੇ ਨੂੰ ਵੀ ਨਗਰ ਨਿਗਮ ਵਲੋਂ ਬੰਦ ਕਰ ਦਿੱਤੇ ਜਾਣ ਕਾਰਨ ਡੇਅਰੀਆਂ ਦੇ ਅੰਦਰ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਹੈ¢ ਬਰਸਾਤ ਦੇ ਦਿਨਾਂ ਵਿਚ ਇਹ ਸਥਿਤੀ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ¢ਸਥਾਨਕ ਲੋਕਾਂ ਅਤੇ ਡੇਅਰੀ ਮਾਲਕਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਇਲਾਕੇ ਵਿਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ¢ ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਈ.ਟੀ.ਪੀ ਪਲਾਂਟ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ | ਨਿਗਮ ਅਤੇ ਕੰਪਨੀ ਦੇ ਵਿਵਾਦ ਨੂੰ ਜਲਦੀ ਸੁਲਝਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ¢