ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਰੋਡ 'ਤੇ ਸਥਿਤ ਓਰੀਸਨ ਹਸਪਤਾਲ ਵਿਚ ਕੰਮ ਕਰਦੀ ਇਕ ਨਰਸ ਦੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਸਬੰਧੀ ਲਾਪਤਾ ਹੋਈ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਆਪਣੀ ਲੜਕੀ ਨੂੰ ਹਸਪਤਾਲ ਛੱਡ ਕੇ ਗਏ ਸਨ, ਪਰ ਸ਼ਾਮ ਨੂੰ ਉਹ ਘਰ ਨਹੀਂ ਆਈ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਲੜਕੀ ਨੂੰ ਕਿਸੇ ਵਿਅਕਤੀ ਵਲੋਂ ਆਪਣੀ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ ਹੈ | ਲੜਕੀ ਦੀ ਉਸ ਦੇ ਮਾਪਿਆਂ ਵਲੋਂ ਆਪਣੇ ਤੌਰ 'ਤੇ ਵੀ ਭਾਲ ਕੀਤੀ ਗਈ, ਪਰ ਲੜਕੀ ਦਾ ਕਿਧਰੇ ਪਤਾ ਨਹੀਂ ਲੱਗਿਆ, ਜਿਸ 'ਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ |