ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰਵਾਸੀਆਂ ਦੇ ਭਾਰੀ ਵਿਰੋਧ ਦੇ ਬਾਅਦ ਪ੍ਰਸ਼ਾਸਨ ਨੰੂ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਜੰਗ ਦੌਰਾਨ ਕਬਜ਼ੇ ਵਿਚ ਲਿਆ ਗਿਆ, ਟੈਂਕ ਮੁੜ ਭਾਰਤ ਨਗਰ ਚੌਂਕ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ | ਇਸ ਫੈਸਲੇ ਨਾਲ ਲੋਕਾਂ ਵਿਚ ਖੁਸ਼ੀ ਅਤੇ ਸੰਤੁਸ਼ਟੀ ਦੀ ਲਹਿਰ ਦੇਖਣ ਨੰੂ ਮਿਲ ਰਹੀ ਹੈ | ਜ਼ਿਕਰਯੋਗ ਹੈ ਕਿ ਮੇਜਰ ਭੁਪਿੰਦਰ ਸਿੰਘ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਬਹਾਦੁਰ ਹੀਰੋ ਸਨ | ਉਨ੍ਹਾਂ ਨੇ ਜੰਗ ਦੌਰਾਨ ਪਾਕਿਸਤਾਨ ਫੌਜ ਤੋਂ ਟੈਂਕ ਕਬਜ਼ੇ 'ਚ ਲਿਆ ਸੀ ਜੋ ਉਨ੍ਹਾਂ ਦੀ ਸੂਰਬੀਰਤਾ ਦਾ ਪ੍ਰਤੀਕ ਬਣਿਆ | ਕੁੱਝ ਸਮੇਂ ਪਹਿਲਾਂ ਪ੍ਰਸ਼ਾਸਨ ਵਲੋਂ ਭਾਰਤ ਨਗਰ ਚੌਂਕ ਤੇ ਟ੍ਰੈਫਿਕ ਲਾਈਟਾਂ ਲਗਾਉਣ ਦੇ ਨਾਂਅ ਬੁੱਤ ਤੇ ਟੈਂਕ ਨੂੰ ਉਥੋਂ ਹਟਾਕੇ ਰੋਜ ਗਾਰਡਨ ਵੱਲ ਸ਼ਿਫਟ ਕਰ ਦਿੱਤਾ ਗਿਆ ਸੀ | ਇਸ ਫੈਸਲੇ ਨੇ ਸ਼ਹਿਰ ਵਾਸੀਆਂ ਵਿਚ ਭਾਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਅਤੇ ਲੋਕਾਂ ਵਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਸ਼ਹਿਰ ਦੇ ਨਾਗਰਿਕਾਂ ਅਤੇ ਸਾਬਕਾ ਫੌਜੀਆਂ ਨੇ ਇਸਨੰੂ ਸ਼ਹੀਦ ਦਾ ਅਪਮਾਨ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਬੁੱਤ ਤੇ ਟੈਂਕ ਨੂੰ ਉਸਦੇ ਅਸਲ ਸਥਾਨ 'ਤੇ ਹੀ ਮੁੜ ਸਥਾਪਿਤ ਕੀਤਾ ਜਾਵੇ | ਹੁਣ ਬੁੱਤ ਤੇ ਟੈਂਕ ਮੁੜ ਭਾਰਤ ਨਗਰ ਚੌਂਕ 'ਚ ਆਉਣ ਨਾਲ ਸ਼ਹਿਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ ਅਤੇ ਇਸ ਨੰੂ ਲੋਕਾਂ ਦੀ ਇਕਜੁੱਟਤਾ ਦੀ ਜਿੱਤ ਵਲੋਂ ਦੇਖਿਆ ਜਾ ਰਿਹਾ ਹੈ |