ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਸ਼ਾ ਅਤੇ ਸੰਗੀਤ ਦੀ ਚੇਤਨਤਾ ਦਾ ਰੰਗ ਗੁਰਮਤਿ ਸੱਭਿਆਚਾਰ ਵਿਚ ਬਹੁਤ ਗੂੜਾ ਹੈ | ਜਦੋਂ ਅਸੀਂ ਜਵੱਦੀ ਟਕਸਾਲ ਵੱਲ ਵੇਖਦੇ ਹਾਂ, ਤਾਂ ਇਨ੍ਹਾਂ ਦੀ ਧਰਮ ਅਤੇ ਸਭਿਆਚਾਰ ਪ੍ਰਤੀ ਕਾਰਜਸ਼ੈਲੀ ਵੇਖ ਖੁਸ਼ੀ ਹੁੰਦੀ ਹੈ |ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਡਾ: ਵਿਜੇਸਤਬੀਰ ਸਿੰਘ ਬਾਠ ਮੁੱਖ ਪ੍ਰਸ਼ਾਸ਼ਕ ਗੁਰਦੁਆਰਾ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਨੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੂੰ ਸਬੱਬੀ ਹੋਈ ਮਿਲਣੀ ਦੌਰਾਨ ਪ੍ਰਗਟਾਉਦਿਆਂ ਕਿਹਾ ਕਿ ਏਨ੍ਹਾ ਦੇ ਵੱਡੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਵਕਤ ਦੀ ਨਬਜ਼ ਅਤੇ ਭਵਿਖ ਦੀਆਂ ਚਣੌਤੀਆਂ ਨੂੰ ਪਛਣਦਿਆਂ ਗੁਰਬਾਣੀ ਕੀਰਤਨ ਵਿਚੋਂ ਪੁਰਾਤਨ ਗੁਰਮਤਿ ਸੰਗੀਤ ਦੇ ਵਿਸਰ ਰਹੇ ਪੱਖ ਨੂੰ ਮੁੜ ਸੁਰਜੀਤ ਕਰਨ ਲਈ ਤਸੱਲੀਯੋਗ ਕਾਰਜ਼ ਅਰੰਭੇ | ਡਾ: ਸਿੰਘ ਨੇ ਗੁਰਬਾਣੀ, ਸੰਗੀਤ ਅਤੇ ਸਾਹਿਤ ਦੇ ਹਵਾਲਿਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਲੋਕਾਂ ਦੀ ਭਾਸ਼ਾ ਵਿਚ ਗੁਰਬਾਣੀ ਦਾ ਉਚਾਰਨ ਕੀਤਾ | ਇਹ ਬਾਣੀ ਪ੍ਰਚੱਲਤ ਕਾਵਿ ਰੂਪਾਂ ਅਤੇ ਰਾਗਾਂ ਵਿਚ ਉਚਾਰੀ ਗਈ | ਗੁਰਬਾਣੀ ਦਾ ਸੰਪਾਦਨ ਵੀ ਰਾਗਾਂ ਅਨੁਸਾਰ ਕੀਤਾ ਗਿਆ | ਭਾਈ ਮਰਦਾਨਾ ਜੀ ਤੋਂ ਗੁਰਬਾਣੀ ਨੂੰ ਰਾਗਾਂ ਵਿਚ ਗਾਉਣ ਦੀ ਆਰੰਭਤਾ ਹੋਈ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਮਰਿਆਦਾ ਬਣਾਈ | ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਜਾਬ ਦੇ ਲੋਕਾਂ ਨੂੰ ਦੈਵੀ ਬਾਣੀ ਅਤੇ ਗੁਰਮਤਿ ਸੰਗੀਤ ਦੀਆਂ ਧੁਨੀਆਂ ਰਾਹੀਂ ਆਪਣੀ ਧਰਤੀ ਦੀ ਭਾਸ਼ਾ ਨਾਲ ਜੋੜਿਆ | ਭਾਸ਼ਾ ਕਿਸੇ ਵੀ ਸਮਾਜ ਦੀ ਸੰਸਕਿ੍ਤੀ ਦਾ ਆਧਾਰ ਹੁੰਦੀ ਹੈ | ਪੰਜਾਬੀ ਭਾਸ਼ਾ ਨੂੰ ਗੁਰੂ ਸਾਹਿਬਾਨ ਨੇ ਗੁਰਮਤਿ ਸੱਭਿਆਚਾਰ ਦੇ ਥੰਮ ਵਜੋਂ ਵਿਕਸਿਤ ਕੀਤਾ | ਪੰਜਾਬੀ ਭਾਸ਼ਾ ਹੀ ਨਹੀਂ ਸਗੋਂ ਇਸ ਭਾਸ਼ਾ ਲਈ ਇਕ ਵੱਖਰੀ ਲਿਪੀ ਨੂੰ ਵੀ ਵਿਕਸਿਤ ਕੀਤਾ | ਇਹ ਗੁਰਮੁਖੀ ਲਿਪੀ ਅੱਜ ਤੱਕ ਪੰਜਾਬੀ ਲਿਖਣ ਲਈ ਸਭ ਤੋਂ ਵੱਧ ਢੁਕਵੀਂ ਲਿਪੀ ਹੈ | ਗੁਰਬਾਣੀ ਵਿਚ ਆਪਣੀ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਅਪਣਾਉਣ ਵਾਲਿਆਂ ਦੀ ਨਿਖੇਧੀ ਕੀਤੀ ਗਈ ਹੈ | ਗੁਰੂ ਸਾਹਿਬ ਜੀ ਨੇ ਵਰਨਨ ਕੀਤਾ ਹੈ ''ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ | |U ਡਾ: ਸਿੰਘ ਸੰਤ ਬਾਬਾ ਅਮੀਰ ਸਿੰਘ ਨੂੰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਰਾਗ ਦਰਬਾਰ ਕਰਵਾਉਣ ਦੀ ਬੇਨਤੀ ਕੀਤੀ, ਜਿਸ ਨੂੰ ਮਹਾਂਪੁਰਸ਼ਾਂ ਨੇ ਸਵੀਕਾਰ ਕਰਦਿਆਂ ਮਨਜ਼ੂਰੀ ਦੇ ਦਿੱਤੀ | ਇਸ ਮੌਕੇ ਭਾਈ ਸੁਖਵਿੰਦਰ ਸਿੰਘ ਅਗਵਾਨ, ਜਸਵੰਤ ਸਿੰਘ ਬੌਬੀ, ਗੁਰਭੇਜ ਸਿੰਘ ਭੁੱਲਰ, ਦਲਬੀਰ ਸਿੰਘ ਮੱਕੜ, ਪਿ੍ਤਪਾਲ ਸਿੰਘ ਪਾਲੀ ਆਦਿ ਵੀ ਹਾਜ਼ਰ ਸਨ |