ਮਹਿੰਗਾਈ ਨੇ ਤੋੜਿਆ ਆਮ ਲੋਕਾਂ ਦਾ ਲੱਕ, ਸਬਜ਼ੀਆਂ ਤੇ ਫਲਾਂ ਦੇ ਭਾਅ ਅਸਮਾਨੀ ਚੜ੍ਹੇ
ਬਲਬੀਰ ਸਿੰਘ ਰਾਣਾ ਲਾਡੋਵਾਲ, 5 ਅਕਤੂਬਰ-‘ਰੋਟੀ, ਕੱਪੜਾ ਅਤੇ ਮਕਾਨ’ ਵਰਗੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਸੁਚੱਜੇ ਢੰਗ ਨਾਲ ਯਕੀਨੀ ਬਣਾਉਣਾ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣਾ ਕਿਸੇ ਵੀ ਚੁਣੀ ਹੋਈ ਸਰਕਾਰ ਦਾ ਪਹਿਲਾ ਫ਼ਰਜ਼ ਹੁੰਦਾ ਹੈ, ਤਾਂ ਜੋ ਹਰ ਵਿਅਕਤੀ ਆਪਣੀ ਲੋੜ ਦੀਆਂ ਚੀਜ਼ਾਂ ਸਨਮਾਨ ਨਾਲ ਖ਼ਰੀਦ ਸਕੇ, ਪਰ ਅੱਜ ਵਧ ਰਹੀ ਮਹਿੰਗਾਈ ਅਮਰ ਵੇਲ ਵਾਂਗ ਇਸ ਕਦਰ ਫੈਲ ਚੁੱਕੀ ਹੈ ਕਿ ਇਸ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਾਰਨ ਗ਼ਰੀਬ ਅਤੇ ਮੱਧਵਰਗੀ ਪਰਿਵਾਰ ਇਸ ਮਾਰ ਹੇਠ ਪਿਸ ਰਹੇ ਹਨ।
ਇੰਦਰਵੀਰ ਸਿੰਘ ਕਾਦੀਆਂ
ਡਾ. ਜਗਦੇਵ ਸਿੰਘ ਕੈਂਥ
06-10-2026
ਲਾਡੋਵਾਲ, 5 ਅਕਤੂਬਰ-‘ਰੋਟੀ, ਕੱਪੜਾ ਅਤੇ ਮਕਾਨ’ ਵਰਗੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਸੁਚੱਜੇ ਢੰਗ ਨਾਲ ਯਕੀਨੀ ਬਣਾਉਣਾ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣਾ ਕਿਸੇ ਵੀ ਚੁਣੀ ਹੋਈ ਸਰਕਾਰ ਦਾ ਪਹਿਲਾ ਫ਼ਰਜ਼ ਹੁੰਦਾ ਹੈ, ਤਾਂ ਜੋ ਹਰ ਵਿਅਕਤੀ ਆਪਣੀ ਲੋੜ ਦੀਆਂ ਚੀਜ਼ਾਂ ਸਨਮਾਨ ਨਾਲ ਖ਼ਰੀਦ ਸਕੇ, ਪਰ ਅੱਜ ਵਧ ਰਹੀ ਮਹਿੰਗਾਈ ਅਮਰ ਵੇਲ ਵਾਂਗ ਇਸ ਕਦਰ ਫੈਲ ਚੁੱਕੀ ਹੈ ਕਿ ਇਸ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਾਰਨ ਗ਼ਰੀਬ ਅਤੇ ਮੱਧਵਰਗੀ ਪਰਿਵਾਰ ਇਸ ਮਾਰ ਹੇਠ ਪਿਸ ਰਹੇ ਹਨ। ਦਿਹਾੜੀਦਾਰ ਮਜ਼ਦੂਰਾਂ ਲਈ ਆਪਣੇ ਬੱਚਿਆਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਫਲ ਖਵਾਉਣਾ ਇਕ ਅਧੂਰਾ ਸੁਪਨਾ ਬਣ ਕੇ ਰਹਿ ਗਿਆ ਹੈ। ਅੱਜ ਹਰ ਰਸੋਈ ਦੀ ਸ਼ਾਨ ਗਿਣਿਆ ਜਾਂਦਾ ਪਿਆਜ਼ ਵੀ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਇਸ ਨੇ ਆਮ ਲੋਕਾਂ ਦੇ ਹੰਝੂ ਕੱਢ ਦਿੱਤੇ ਹਨ। ਦੂਜੇ ਪਾਸੇ ਰਾਤ-ਦਿਨ ਅਣਥੱਕ ਮਿਹਨਤ ਕਰਕੇ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਦਾ ਯੋਗ ਮੁੱਲ ਨਹੀਂ ਮਿਲ ਰਿਹਾ। ਜਦੋਂ ਕਿਸਾਨ ਆਪਣੀ ਉਪਜ ਮੰਡੀ ਵਿਚ ਲੈ ਕੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਲਾਗਤ ਵੀ ਪੂਰੀ ਨਹੀਂ ਮਿਲਦੀ, ਪਰ ਜਿਉਂ ਹੀ ਇਹ ਸਬਜ਼ੀਆਂ ਰੇਹੜੀਆਂ ਤੱਕ ਪਹੁੰਚਦੀਆਂ ਹਨ, ਇਨ੍ਹਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨ। ਇਸ ਪੂਰੇ ਤਾਣੇ-ਬਾਣੇ ਵਿਚ ਵਿਚੋਲੇ ਅਤੇ ਮੁਨਾਫ਼ਾਖ਼ੋਰ ਚੋਖੀ ਕਮਾਈ ਕਰ ਰਹੇ ਹਨ, ਜਦੋਂ ਕਿ ਕਿਸਾਨ ਅਤੇ ਖਪਤਕਾਰ ਦੋਵੇਂ ਲੁੱਟੇ ਜਾ ਰਹੇ ਹਨ। ਬਦਲਦਾ ਲਾਈਫ ਸਟਾਈਲ ਅਤੇ ਕਿਚਨ ਗਾਰਡਨਿੰਗ ਦਾ ਖ਼ਾਤਮਾ-ਕਾਦੀਆਂ ਇਸ ਗੰਭੀਰ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਭਾਕਿਊ (ਦੋਆਬਾ) ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਕਿਹਾ ਕਿ ਮਹਿੰਗਾਈ ਦਾ ਇਕ ਵੱਡਾ ਕਾਰਨ ਲੋਕਾਂ ਵਲੋਂ ਪੱਛਮੀ ਸਭਿਆਚਾਰ ਨੂੰ ਅਪਣਾਉਣਾ ਹੈ। ਲੋਕਾਂ ਦੀ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਹੈ ਕਿ ਪੈਸਾ ਮੁੱਖ ਹੋ ਗਿਆ ਹੈ ਅਤੇ ਘਰਾਂ ਵਿਚ ਸਮਾਂ ਨਹੀਂ ਬਚਿਆ। ਪਹਿਲਾਂ ਹਰ ਘਰ ਦੇ ਵਿਹੜੇ ਵਿਚ ਇਕ ਕਿਚਨ ਗਾਰਡਨ ਜਾਂ ਫੁਲਵਾੜੀ ਹੁੰਦੀ ਸੀ, ਜਿੱਥੋਂ ਪਰਿਵਾਰ ਆਪਣੀ ਲੋੜ ਮੁਤਾਬਿਕ ਤਾਜ਼ੀਆਂ ਸਬਜ਼ੀਆਂ ਆਪ ਉਗਾਉਂਦੇ ਸਨ, ਪਰ ਬਦਲਦੇ ਰਹਿਣ-ਸਹਿਣ ਕਾਰਨ ਲੋਕਾਂ ਨੇ ਇਹ ਚੰਗੀ ਆਦਤ ਛੱਡ ਦਿੱਤੀ ਹੈ, ਜਿਸ ਕਰਕੇ ਤਾਜ਼ੀਆਂ ਸਬਜ਼ੀਆਂ ਤੇ ਤਾਜ਼ੇ ਫਲ ਫਰੂਟ ਖਾਣ ਦੀ ਘਾਟ ਕਾਰਨ ਲੋਕ ਬਿਮਾਰੀਆਂ ‘ਚ ਗ੍ਰਿਫ਼ਤ ਹੋ ਗਏ ਹਨ। ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਅਤੇ ਨਵੀਂ ਪੀੜ੍ਹੀ ਨੂੰ ਅਪੀਲ-ਡਾ. ਕੈਂਥ ਆਯੁਰਵੈਦ ਦੇ ਮਾਹਿਰ ਡਾ. ਜਗਦੇਵ ਸਿੰਘ ਕੈਂਥ ਨੇ ਕਿਹਾ ਕਿ ਲੋਕਾਂ ਦੇ ਖੇਤੀ ਤੋਂ ਦੂਰ ਹੋਣ ਦਾ ਫ਼ਾਇਦਾ ਵੱਡੇ ਕਾਰਪੋਰੇਟ ਸੈਕਟਰ ਨੇ ਉਠਾਇਆ ਹੈ। ਕਾਰਪੋਰੇਟ ਘਰਾਣਿਆਂ ਨੇ ਵੱਡੇ ਫਾਰਮ ਹਾਊਸ ਬਣਾ ਕੇ ਖੇਤੀ ‘ਤੇ ਕਬਜ਼ਾ ਕਰ ਲਿਆ ਹੈ ਅਤੇ ਸਬਜ਼ੀਆਂ-ਫਲਾਂ ਨੂੰ ਛੋਟੇ ਪੈਕੇਟਾਂ ਵਿਚ ਬੰਦ ਕਰਕੇ ਬਹੁਤ ਮਹਿੰਗੇ ਭਾਅ ਵੇਚ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਾਗ਼ਬਾਨੀ ਅਤੇ ਖੇਤੀਬਾੜੀ ਵਿਭਾਗ ਦੀਆਂ ਯੋਜਨਾਵਾਂ ਵਿਚ ਦਿਲਚਸਪੀ ਲਈ ਜਾਵੇ, ਘਰਾਂ ਵਿਚ ਮੁੜ ਕਿਚਨ ਗਾਰਡਨਿੰਗ ਸ਼ੁਰੂ ਕੀਤੀ ਜਾਵੇ ਅਤੇ ਪੁਰਾਣੀ ਸਭਿਆਚਾਰਕ ਪਰੰਪਰਾ ਅਨੁਸਾਰ ਘਰ ਦੀ ਸਬਜ਼ੀ ਆਪ ਉਗਾ ਕੇ ਖਾਧੀ ਜਾਵੇ।