ਲੁਧਿਆਣਾ, 20 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਕਿੰਨੇ ਖੋਖਲੇ ਹਨ | ਇਸ ਦੀ ਸਚਾਈ ਸ਼ਹਿਰ ਦੇ ਮਸ਼ਹੂਰ ਨਹਿਰੂ ਰੋਜ਼ ਗਾਰਡਨ ਦੀ ਮੌਜੂਦਾ ਹਾਲਤ ਨੰੂ ਵੇਖ ਕੇ ਸਾਹਮਣੇ ਆ ਜਾਂਦੀ ਹੈ | ਇਹ ਗਾਰਡਨ, ਜੋ ਕਦੇ ਸ਼ਹਿਰ ਦੀ ਸ਼ਾਨ ਮੰਨਿਆ ਜਾਂਦਾ ਸੀ ਅਤੇ ਜਿੱਥੇ ਹਰ ਰੋਜ਼ ਸੈਂਕੜੇ ਲੋਕ ਸੈਰ, ਕਸਰਤ ਅਤੇ ਪਰਿਵਾਰ ਸਮੇਤ ਸਮਾਂ ਬਿਤਾਉਣ ਲਈ ਆਉਂਦੇ ਸਨ | ਅੱਜ ਬਦਹਾਲੀ ਦਾ ਸ਼ਿਕਾਰ ਹੋ ਚੁੱਕਾ ਹੈ | ਸਵੇਰੇ ਅਤੇ ਸ਼ਾਮ ਦੇ ਸਮੇਂ ਇੱਥੇ ਵੱਡੀ ਗਿਣਤੀ ਵਿਚ ਬਜ਼ੁਰਗ, ਮਹਿਲਾਵਾਂ ਅਤੇ ਬੱਚੇ ਆਉਂਦੇ ਹਨ, ਪਰ ਉਨ੍ਹਾਂ ਨੰੂ ਮੂਲ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗਾਰਡਨ ਦੇ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ, ਹਰ ਪਾਸੇ ਸੁੱਕੇ ਪੱਤੇ, ਕੂੜਾ ਪਿਆ ਦੇਖਿਆ ਜਾ ਸਕਦਾ ਹੈ | ਬੱਚਿਆਂ ਲਈ ਲਗਾਏ ਗਏ ਝੂਲੇ ਟੁੱਟੇ ਹੋਏ ਹਨ, ਕਈ ਥਾਵਾਂ 'ਤੇ ਲੋਹੇ ਦੇ ਹਿੱਸੇ ਬਾਹਰ ਨਿਕਲੇ ਹੋਏ ਹਨ, ਜੋ ਕਿਸੇ ਵੀ ਸਮੇਂ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੇ ਹਨ | ਇਸਦੇ ਬਾਵਜੂਦ ਨਗਰ ਨਿਗਮ ਵਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ | ਗਾਰਡਨ ਵਿਚ ਲੱਗੇ ਸੀਮੈਂਟ ਦੇ ਬੈਂਚ ਅਤੇ ਟੇਬਲ ਟੁੱਟੇ ਹੋਏ ਹਨ ਅਤੇ ਉਨ੍ਹਾਂ ਦਾ ਰੰਗ ਪੂਰੀ ਤਰ੍ਹਾਂ ਉਖੜ ਚੁੱਕਾ ਹੈ | ਕਈ ਥਾਵਾਂ ਤੇ ਬੈਠਣ ਲਈ ਢੰਗ ਦੀ ਵਿਵਸਥਾ ਵੀ ਨਹੀਂ ਰਹੀ | ਇਸਦੇ ਇਲਾਵਾ ਗਾਰਡਨ ਵਿਚ ਲੱਗਾ ਫੁਆਰਾ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ, ਜੋ ਰੱਖ-ਰਖਾਅ ਦੀ ਘਾਟ ਨੰੂ ਦਰਸਾਉਂਦਾ ਹੈ | ਇਹ ਗਾਰਡਨ ਸ਼ਹਿਰ ਦੇ ਪੋਸ਼ ਇਲਾਕੇ ਵਿਚ ਸਥਿਤ ਹੈ | ਜਿੱਥੇ ਆਮ ਤੌਰ ਤੇ ਵਧੀਆਂ ਸਹੂਲਤਾਂ ਦੀ ਉਮੀਦ ਕੀਤੀ ਜਾਂਦੀ ਹੈ | ਜੇਕਰ ਇੱਥੇ ਇਹ ਹਾਲਤ ਹੈ, ਤਾਂ ਸ਼ਹਿਰ ਦੇ ਹੋਰ ਪਾਰਕਾਂ ਦੀ ਸਥਿਤੀ ਕਿੰਨੀ ਮਾੜੀ ਹੋਵੇਗੀ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ | ਇਸ ਸੰਬੰਧੀ ਜੱਦੋ ਨਗਰ ਨਿਗਮ ਦੇ ਮੇਅਰ ਪਿੰ੍ਰਸੀਪਲ ਇੰਦਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਜਲਦ ਹੀ ਗਾਰਡਨ ਦੀ ਮੁਰੰਮਤ ਅਤੇ ਸਫ਼ਾਈ ਲਈ ਉਚਿੱਤ ਕਦਮ ਚੁੱਕੇ ਜਾਣਗੇ | ਫ਼ਿਲਹਾਲ ਸ਼ਹਿਰ ਦਾ ਇਹ ਪ੍ਰਸਿੱਧ ਗਾਰਡਨ ਨਗਰ ਨਿਗਮ ਦੇ ਦਾਅਵਿਆਂ ਅਤੇ ਹਕੀਕਤ ਵਿਚਲੇ ਵੱਡੇ ਫ਼ਰਕ ਨੰੂ ਬਾਖ਼ੂਬੀ ਦਰਸਾ ਰਿਹਾ ਹੈ |