ਆਲਮਗੀਰ, 23 ਅਪ੍ਰੈਲ (ਜਰਨੈਲ ਸਿੰਘ ਪੱਟੀ)-ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਵਿਚ ਲੈ ਕੇ ਆਉਣ ਤੋਂ 4 ਤੋਂ 6 ਘੰਟਿਆਂ ਅੰਦਰ ਹੀ ਫ਼ਸਲ ਦੀ ਖਰੀਦ ਕਰਕੇ ਕਿਸਾਨ ਨੂੰ ਫਾਰਗ ਕਰਕੇ ਘਰ ਨੂੰ ਤੋਰ ਦਿੱਤਾ ਜਾਂਦਾ ਸੀ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਇਹ ਸ਼ਬਦ ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਮਜਿਸਟਰੇਟ ਨੇ ਸਥਾਨਕ ਪਿੰਡ ਨੱਤ ਵਿਖੇ ਪਾਰਟੀ ਮੀਟਿੰਗ ਦੌਰਾਨ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਦੌਰਾਨ ਕਹੇ | ਇੰਚਾਰਜ ਸਿੰਮਕ ਨੇ ਕਿਹਾ ਕਿ ਦਾਣਾ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ, ਪਰ ਸਰਕਾਰ ਅਤੇ ਅਧਿਕਾਰੀਆਂ ਵਲੋਂ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਦੇ ਹੋਏ ਖੱਜਲ ਖੁਆਰੀ ਸਹਿਣ ਕਰਨੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਐਸੀਆਂ ਲੋਕ ਮਾਰੂ ਨੀਤੀਆਂ ਤੋਂ ਖਫਾ ਸੂਝਵਾਨ ਸੂਬਾ ਵਾਸੀ ਬੀਤੇ ਹੋਏ ਸਮੇਂ ਨੂੰ ਯਾਦ ਕਰਕੇ ਪਛਤਾ ਰਹੇ ਹਨ ਕਿ ਉਹ ਕਿਹੜੀ ਘੜੀ ਸੀ, ਜਦੋਂ ਅਸੀਂ ਝਾੜੂ ਪਾਰਟੀ ਨੂੰ ਵੋਟ ਪਾ ਕੇ ਆਪਣੇ ਲੇਖਾਂ ਵਿਚ ਖੱਜਲ ਖੁਆਰੀ ਖੁਦ ਹੀ ਲਿਖ ਲਈ | ਇੰਚਾਰਜ ਸਿੰਮਕ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਗੁੱਸਾ ਭਰਿਆ ਪਿਆ ਹੈ ਅਤੇ ਲੋਕ ਆਗਾਮੀ 2027 ਦੀਆਂ ਚੋਣਾਂ ਬੇਸਬਰੀ ਨਾਲ ਉਡੀਕ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਸੂਬਾ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਹਲਕਾ ਵਾਸੀਆਂ ਨੂੰ ਵਿਰੋਧੀ ਪਾਰਟੀਆਂ ਦੀਆਂ ਸੂਬਾ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਮੀਟਿੰਗ ਮੌਕੇ ਜਨਰਲ ਸਕੱਤਰ ਪਰਮਜੀਤ ਸਿੰਘ, ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਸੇਵਾ ਮੁਕਤ ਏ.ਐਸ.ਆਈ. ਪਰਵਿੰਦਰ ਸਿੰਘ ਚਹਿਲ, ਲਖਬੀਰ ਸਿੰਘ ਚਹਿਲ, ਸੁਖਵੰਤ ਸਿੰਘ ਗਰੇਵਾਲ, ਮੋਹਨ ਸਿੰਘ ਨੱਤ, ਅਵਤਾਰ ਸਿੰਘ ਚਹਿਲ, ਗੁਰਪ੍ਰੀਤ ਸਿੰਘ, ਦਾਰਾ ਸਿੰਘ ਚਹਿਲ, ਜਗਦੇਵ ਸਿੰਘ, ਨਾਜਰ ਸਿੰਘ, ਸੋਹਨ ਸਿੰਘ ਸਾਬਕਾ ਸਰਪੰਚ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਜਸਵੰਤ ਸਿੰਘ, ਰਾਜੂ ਦਿਉਲ ਆਲਮਗੀਰ, ਨਗਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ, ਮੰਗਤ ਸਿੰਘ, ਗੁਰਸੰਤ ਸਿੰਘ, ਨਾਜਰ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਮੱਖਣ ਸਿੰਘ, ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |