ਡਾਬਾ/ਲੁਹਾਰਾ, 24 ਅਪ੍ਰੈਲ (ਕੁਲਵੰਤ ਸਿੰਘ ਸੱਪਲ)- ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਬੀਜੇਪੀ ਵਿਚ ਜਾਣ 'ਤੇ ਤਿੱਖਾ ਵਿਅੰਗ ਕਰਦਿਆਂ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਡੁੱਬ ਰਹੀ ਬੇੜੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਆਪ ਵਿਚ ਆਪਣਾ ਭਵਿੱਖ ਧੁੰਦਲਾ ਹੁੰਦਾ ਵੇਖ ਕੇ ਕੇਜਰੀਵਾਲ ਐਂਡ ਕੰਪਨੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਆਪਣਾ ਭਵਿੱਖ ਟਟੋਲਣ ਨੂੰ ਮਜ਼ਬੂਰ ਹਨ | ਸ. ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਿਟਲਰ ਸ਼ਾਹੀ ਨੀਤੀਆਂ ਦੇ ਸਤਾਏ ਆਗੂ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਪਾਰਟੀ ਨੂੰ ਛੱਡ ਰਹੇ ਹਨ, ਕਿਉਂਕਿ ਉਕਤ ਆਗੂਆਂ ਨੇ ਭਾਂਤ ਲਿਆ ਸੀ ਕਿ ਆਗਾਮੀ ਕੁਝ ਮਹੀਨਿਆਂ ਦੌਰਾਨ ਹੀ ਆਮ ਆਦਮੀ ਪਾਰਟੀ ਦਾ ਪੂਰੇ ਦੇਸ਼ ਵਿੱਚੋਂ ਸਫਾਇਆ ਹੋਣਾ ਨਿਸ਼ਚਿਤ ਹੈ ਅਤੇ ਜੇਕਰ ਰਾਜਨੀਤੀ ਵਿਚ ਟਿਕੇ ਰਹਿਣਾ ਹੈ ਤਾਂ ਪਾਰਟੀ ਨੂੰ ਅਲਵਿਦਾ ਆਖਣਾ ਹੀ ਲਾਹੇਵੰਦ ਰਹੇਗਾ | ਸ. ਕਲੇਰ ਨੇ ਕਿਹਾ ਕਿ ਨਾਮੀ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਵਿੱਚੋਂ ਉਪਜੀ ਆਮ ਆਦਮੀ ਪਾਰਟੀ ਨੇ ਭਿ੍ਸ਼ਟਾਚਾਰ ਮੁਕਤ ਸ਼ਾਸਨ ਦਾ ਨਾਅਰਾ ਦੇ ਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਸੂਬਾ ਪੰਜਾਬ ਅੰਦਰ ਸੱਤਾ ਤਾਂ ਹਥਿਆ ਲਈ ਪ੍ਰੰਤੂ ਸੱਤਾ ਤੇ ਕਾਬਜ਼ ਹੁੰਦਿਆਂ ਹੀ ਦਿੱਲੀ ਅਤੇ ਸੂਬਾ ਪੰਜਾਬ ਅੰਦਰ ਭਿ੍ਸ਼ਟਾਚਾਰ ਦੀਆਂ ਹੱਦਾਂ ਬੰਨੇ ਟੱਪਦੇ ਆਪ ਦੇ ਪ੍ਰਚਾਰ ਅਤੇ ਪਸਾਰ ਹਿੱਤ ਪੈਸਾ ਖਰਚ ਕਰਕੇ ਜਨਤਾ ਨਾਲ ਵੱਡਾ ਧਰੋਹ ਕਮਾਇਆ ਹੈ, ਜਿਸ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪੈ ਰਿਹਾ ਹੈ | ਸ. ਕਲੇਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਆਪ ਪਾਰਟੀ ਦੇ ਵੱਡੇ ਥੰਮ ਵੀ ਪਾਰਟੀ ਛੱਡ ਕੇ ਜਾ ਸਕਦੇ ਹਨ |