ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਡੀਜੇ ਸੰਚਾਲਕ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਡੀਜੇ ਸੰਚਾਲਕ ਜਗਦੀਪ ਸਿੰਘ ਵਾਸੀ ਜਗਰਾਉਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਲੱਕੀ ਮਨੀ ਦੀਪਕ ਗੰਜੂ ਬਿੱਲਾ ਦੀਪੂ ਸਰਵਨ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੀਪਕ ਕੁਮਾਰ ਵਲੋਂ ਵਿਆਹ ਲਈ ਡਾ. ਅੰਬੇਦਕਰ ਭਵਨ ਵਿਚ ਡੀਜੇ ਲਗਾਉਣ ਦਾ ਪ੍ਰੋਗਰਾਮ ਕੀਤਾ ਸੀ | ਉਸ ਨੇ ਦੱਸਿਆ ਕਿ ਰਾਤ 11:30 ਵਜੇ ਤੱਕ ਡੀਜੇ ਚੱਲਦਾ ਰਿਹਾ ਅਤੇ ਬਾਅਦ ਵਿਚ ਡੀਜੇ ਬੰਦ ਕਰ ਦਿੱਤਾ ਗਿਆ | ਇਸ 'ਤੇ ਕੱੁਝ ਨੌਜਵਾਨ ਉਨ੍ਹਾਂ ਨਾਲ ਉਲਝ ਪਏ ਅਤੇ ਜਦੋਂ ਉਹ ਡੀਜੇ ਬੰਦ ਕਰਕੇ ਸਾਮਾਨ ਟੈਂਪੂ ਵਿਚ ਲੱਦ ਰਹੇ ਸਨ ਤਾਂ ਉਕਤ ਕਥਿਤ ਦੋਸ਼ੀ ਉੱਥੇ ਆ ਗਏ ਤੇ ਉਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਕਥਿਤ ਦੋਸ਼ੀਆਂ ਵਲੋਂ ਡੀਜੇ ਦੇ ਸਾਮਾਨ ਦੀ ਭੰਨਤੋੜ ਕੀਤੀ ਗਈ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |