ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਬੀਤੇ ਦਿਨ ਸਿਵਲ ਸਿਟੀ ਵਿਚ ਸਥਿਤ ਇਕ ਫ਼ੈਕਟਰੀ ਵਿਚ ਹੋਏ ਵਰਕਰ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਉਸ ਦੇ ਸਾਥੀ ਨੂੰ ਹੀ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਕਿ੍ਸ਼ਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਉਮਿਲ ਭਾਰਦਵਾਜ ਪੁੱਤਰ ਪਿ੍ਥਵੀ ਰਾਜ ਸ਼ਰਮਾ ਵਾਸੀ ਹੈਬੋਵਾਲ ਕਲਾਂ, ਲੁਧਿਆਣਾ ਨੇ ਬਿਆਨ ਦਿੱਤਾ ਕਿ ਉਹ ਐਸ.ਐਸ. ਪਿ੍ੰਟਿੰਗ ਦੇ ਨਾਮ 'ਤੇ ਹੌਜ਼ਰੀ ਦਾ ਕਾਰੋਬਾਰ ਕਰਦਾ ਹੈ, ਜਿੱਥੇ 6 ਵਰਕਰ ਕੰਮ ਕਰਦੇ ਹਨ, ਉਨਾਂ ਵਿਚ ਧਰਮਿੰਦਰ ਕੁਮਾਰ ਅਤੇ ਬੱਚੇ ਲਾਲ ਵੀ ਸ਼ਾਮਿਲ ਸਨ | ਉਨਾਂ ਨੇ ਦੱਸਿਆ ਕਿ 23 ਅਪ੍ਰੈਲ ਨੂੰ ਤਕਰੀਬਨ 2:30 ਵਜੇ ਸਵੇਰੇ ਉਸ ਨੂੰ ਪਤਾ ਲੱਗਿਆ ਕਿ ਧਰਮਿੰਦਰ ਕੁਮਾਰ ਫ਼ੈਕਟਰੀ ਅੰਦਰ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਡਿੱਗਿਆ ਪਿਆ ਸੀ ਅਤੇ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ | ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਵਰਕਰਾਂ ਵਲੋਂ ਰਾਤ ਸਮੇਂ ਸ਼ਰਾਬ ਪੀਤੀ ਗਈ ਸੀ ਅਤੇ ਝਗੜੇ ਦੌਰਾਨ ਧਰਮਿੰਦਰ ਕੁਮਾਰ ਵਲੋਂ ਗਾਲੀ-ਗਲੋਚ ਕਰਨ 'ਤੇ ਦੋਸ਼ੀ ਬੱਚੇ ਲਾਲ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਇਕ ਲੋਹੇ ਦਾ ਸਟੂਲ (ਛੋਟਾ ਟੇਬਲ) ਬਰਾਮਦ ਕਰ ਲਿਆ ਗਿਆ ਹੈ | ਮਾਮਲੇ ਨੂੰ ਸਫਲਤਾਪੂਰਵਕ ਟਰੇਸ ਕਰ ਲਿਆ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |