ਫੁੱਲਾਂਵਾਲ, 1 ਮਈ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਰੋਡ, ਵਿਖੇ ਅੱਠਵੀਂ ਜਮਾਤ ਦਾ ਸਾਲਾਨਾ ਸਮਾਗਮ 'ਪ੍ਰਤਿਭਾ 2026' ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੂੰ ਫੁੱਲ ਭੇਟ ਕਰਦੇ ਹੋਏ ਅਤੇ ਰਸਮੀ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜੋ ਗਿਆਨ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ | ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਨੇ ਉਨ੍ਹਾਂ ਦੀ ਮਿਹਨਤ ਅਤੇ ਰਚਨਾਤਮਿਕਤਾ ਨੂੰ ਦਰਸਾਇਆ | ਅਹਿਲਿਆ ਦੇ ਨਾਲ 'ਵਾਰੀਅਰ ਡਾਂਸ' (ਯੋਧਾ ਨਾਚ) ਨੇ ਔਰਤ ਸ਼ਕਤੀ ਅਤੇ ਦਲੇਰੀ ਨੂੰ ਬਾਖ਼ੂਬੀ ਪੇਸ਼ ਕੀਤਾ | ਕੱਥਕ ਨਾਚ ਨੇ ਆਪਣੀ ਸ਼ਾਸਤਰੀ ਨਿਪੁੰਨਤਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ, ਜਦਕਿ ਹਿਪ-ਹੌਪ ਪ੍ਰਦਰਸ਼ਨ ਨੇ ਨੌਜਵਾਨਾਂ ਦੇ ਜੋਸ਼ ਅਤੇ ਆਤਮ-ਵਿਸ਼ਵਾਸ ਨੂੰ ਦਰਸਾਇਆ | ਸਮਾਗਮ ਦਾ ਅੰਤ ਭੰਗੜੇ ਨਾਲ ਹੋਇਆ, ਜਿਸ ਨੇ ਪੂਰੇ ਪੰਡਾਲ ਵਿਚ ਪੰਜਾਬੀ ਸਭਿਆਚਾਰ ਦੀ ਮਹਿਕ ਅਤੇ ਖ਼ੁਸ਼ੀ ਭਰ ਦਿੱਤੀ | ਵਿਦਿਆਰਥੀਆਂ ਨੂੰ ਸਾਲ ਭਰ ਦੀਆਂ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ | ਅਕਾਦਮਿਕ ਸੁਪਰਵਾਈਜ਼ਰ ਸ਼੍ਰੀਮਤੀ ਜੈਦੀਪ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸਾਰੇ ਭਾਗੀਦਾਰਾਂ ਅਤੇ ਇਨਾਮ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਸਰਵਪੱਖੀ ਵਿਕਾਸ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹਨ |