ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ)-ਅੱਜ-ਕੱਲ੍ਹ ਸ਼ਹਿਰ 'ਚ ਸਫ਼ਾਈ ਪ੍ਰਬੰਧਾਂ ਦੀ ਹਕੀਕਤ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ ਕਿਉਂਕਿ ਵੱਖ-ਵੱਖ ਇਲਾਕਿਆਂ 'ਚ ਲੱਗੇ ਸਟੈਟਿਕ ਕੰਪੈਕਟਰ ਸਮਰੱਥਾ ਤੋਂ ਵੱਧ ਭਰੇ ਹੋਏ ਹਨ ਅਤੇ ਉਨ੍ਹਾਂ ਬਾਹਰ ਹੀ ਕੂੜੇ ਦੇ ਢੇਰ ਲੱਗ ਨਜ਼ਰ ਆ ਰਹੇ ਹਨ | ਕਈ ਥਾਵਾਂ 'ਤੇ ਕੰਪੈਕਟਰਾਂ ਅੰਦਰ ਜਗ੍ਹਾ ਨਾ ਹੋਣ ਕਾਰਨ ਸਫ਼ਾਈ ਸੇਵਕ ਖੁੱਲ੍ਹੇ 'ਚ ਹੀ ਕੂੜਾ ਸੁੱਟਣ ਲਈ ਮਜਬੂਰ ਹਨ, ਜਿਸ ਨਾਲ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਗੰਦਗੀ ਫੈਲ ਰਹੀ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਤਾਜਪੁਰ ਕੂੜਾ ਡੰਪ ਨੇੜੇ ਕੂੜਾ ਲਿਜਾਉਣ ਵਾਲੀ ਗੱਡੀ ਪਲਟਣ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਕਿਉਂਕਿ ਉਥੇ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਕੂੜੇ ਦੀ ਚੁਕਾਈ 'ਚ ਵੱਡੀ ਰੁਕਾਵਟ ਆ ਗਈ, ਜਿਸ ਦਾ ਸਿੱਧਾ ਅਸਰ ਸ਼ਹਿਰ ਦੇ ਸਟੈਟਿਕ ਕੰਪੈਕਟਰਾਂ 'ਤੇ ਪਿਆ | ਕਈ ਥਾਵਾਂ 'ਤੇ ਕੰਪੈਕਟਰ ਭਰ ਜਾਣ ਕਾਰਨ ਕੂੜਾ ਬਾਹਰ ਹੀ ਇਕੱਠਾ ਹੋਣਾ ਸ਼ੁਰੂ ਹੋ ਗਿਆ | ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਹਿਰ ਦੇ ਕਈ ਸਟੈਟਿਕ ਕੰਪੈਕਟਰ ਖ਼ਰਾਬ ਪਏ ਹਨ, ਜਿਨ੍ਹਾਂ ਦੀ ਮੁਰੰਮਤ ਸਮੇਂ ਸਿਰ ਨਹੀਂ ਕੀਤੀ ਗਈ | ਬਿਜਲੀ ਕੱਟ ਕਾਰਨ ਅਤੇ ਬੈਕ-ਅਪ ਪ੍ਰਬੰਧ ਦੀ ਘਾਟ ਵੀ ਇਕ ਵੱਡਾ ਕਾਰਨ ਹੈ ਕਿਉਂਕਿ ਬਿਨਾਂ ਬਿਜਲੀ ਦੇ ਕੰਪੈਕਟਰ ਕੰਮ ਨਹੀਂ ਕਰਦੇ | ਕਈ ਥਾਵਾਂ 'ਤੇ ਜਨਰੇਟਰ ਦੀ ਸਹੂਲਤ ਨਾ ਹੋਣ ਕਰਕੇ ਬਿਜਲੀ ਜਾਣ 'ਤੇ ਸਾਰਾ ਪ੍ਰਬੰਧ ਠੱਪ ਹੋ ਜਾਂਦਾ ਹੈ ਅਤੇ ਕਈ ਕੰਪੈਕਟਰਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ, ਜਿਸ ਨਾਲ ਸਫ਼ਾਈ ਸੇਵਕਾਂ ਨੰੂ ਮਜਬੂਰਨ ਕੂੜਾ ਬਾਹਰ ਸੁੱਟਣਾ ਪੈ ਰਿਹਾ ਹੈ | ਨਿਯਮਿਤ ਚੁਕਾਈ ਨਾ ਹੋਣ ਕਰਕੇ ਕੂੜਾ ਦਿਨੋਂ-ਦਿਨ ਇਕੱਠਾ ਹੋ ਰਿਹਾ ਹੈ, ਜਿਸ ਕਾਰਨ ਜਿੱਥੇ ਬਦਬੂ ਫੈਲ ਰਹੀ ਹੈ, ਉੱਥੇ ਹੀ ਮੱਛਰਾਂ, ਮੱਖੀਆਂ ਅਤੇ ਹੋਰ ਕੀੜਿਆਂ ਦੀ ਭਰਮਾਰ ਵੱਧ ਰਹੀ ਹੈ, ਜਿਸ ਨਾਲ ਡਾੇਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਹੈ | ਸਫ਼ਾਈ ਸੇਵਕਾਂ ਦਾ ਕਹਿਣਾ ਹੈ ਕਿ ਜਦੋਂ ਕੰਪੈਕਟਰ ਕੰਮ ਨਹੀਂ ਕਰਦੇ ਜਾਂ ਭਰੇ ਹੋਏ ਹਨ ਤਾਂ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਰਹਿੰਦਾ, ਮਜਬੂਰਨ ਕੂੜਾ ਬਾਹਰ ਹੀ ਸੁੱਟਦੇ ਹਨ | ਕਈ ਵਾਰ ਉਨ੍ਹਾਂ ਨੰੂ ਬਿਨਾਂ ਸਹੀ ਸਾਧਨਾਂ ਦੇ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਸਫ਼ਾਈ ਪ੍ਰਣਾਲੀ ਹੋਰ ਪ੍ਰਭਾਵਿਤ ਹੁੰਦੀ ਹੈ | ਇਸ ਮਸਲੇ 'ਤੇ ਵਿਰੋਧੀ ਧਿਰਾਂ ਨੇ ਵੀ ਨਗਰ ਨਿਗਮ ਨੰੂ ਘੇਰ ਕੇ ਦੋਸ਼ ਲਾਇਆ ਹੈ ਕਿ ਜ਼ਮੀਨੀ ਪੱਧਰ 'ਤੇ ਨਗਰ ਨਿਗਮ ਪੂਰੀ ਤਰ੍ਹਾਂ ਨਾਕਾਮ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਟੈਟਿਕ ਕੰਪੈਕਟਰਾਂ ਦੀ ਸੰਭਾਲ ਅਤੇ ਕੂੜੇ ਦੀ ਨਿਯਮਿਤ ਚੁਕਾਈ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਸਫ਼ਾਈ ਪ੍ਰਬੰਧ ਦੀਆਂ ਸਾਰੀਆਂ ਯੋਜਨਾਵਾਂ ਬੇਅਸਰ ਸਾਬਤ ਹੋ ਰਹੀਆਂ ਹਨ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਖ਼ਰਾਬ ਕੰਪੈਕਟਰਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਕੂੜੇ ਦੀ ਨਿਯਮਿਤ ਚੁਕਾਈ ਕੀਤੀ ਜਾਵੇ | ਨਾਲ ਹੀ ਐਮਰਜੈਂਸੀ ਹਾਲਾਤਾਂ ਲਈ ਵਿਕਲਪਿਕ ਡੰਪਿੰਗ ਪੁਆਇੰਟ ਬਣਾਏ ਜਾਣ ਤਾਂ ਜੋ ਕੂੜਾ ਸੜਕਾਂ 'ਤੇ ਫੈਲਣ ਤੋਂ ਰੋਕਿਆ ਜਾ ਸਕੇ | ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਜੇ ਨਗਰ ਨਿਗਮ ਵਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ 'ਚ ਸਫ਼ਾਈ ਸੰਕਟ ਹੋਰ ਵੀ ਗੰਭੀਰ ਹੋ ਸਕਦਾ ਹੈ |