ਲੁਧਿਆਣਾ, 9 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਵਿਸ਼ਵ ਮਾਂ ਦਿਵਸ ਮੌਕੇ ਸਮੂਹ ਮਾਵਾਂ ਨੰੂ ਵਧਾਈ ਦਿੰਦਿਆਂ ਕਿਹਾ ਕਿ ਮਾਂ ਦਾ ਤਿਆਗ, ਮਮਤਾ ਅਤੇ ਨਿਸ਼ਕਾਮ ਪਿਆਰ ਦੁਨੀਆ ਵਿਚ ਸਭ ਤੋਂ ਵੱਡਾ ਹੈ | ਉਨ੍ਹਾਂ ਮਾਂ ਦਿਵਸ ਦੀ ਸਿਰਜਕ ਅੰਨਾ ਜੈਰਵਿਸ ਨੰੂ ਯਾਦ ਕਰਦਿਆਂ ਕਿਹਾ ਕਿ ਅੱਜ ਪੂਰਾ ਵਿਸ਼ਵ ਮਈ ਦੇ ਦੂਜੇ ਐਤਵਾਰ ਨੰੂ ਮਾਂ ਦਿਵਸ ਮਨਾ ਕੇ ਮਾਵਾਂ ਨੂੰ ਸਤਿਕਾਰ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਂ ਹੀ ਇਕੱਲੀ ਅਜਿਹੀ ਮੂਰਤ ਹੈ, ਜੋ ਬਿਨਾਂ ਕਿਸੇ ਸਵਾਰਥ ਦੇ ਆਪਣੀ ਔਲਾਦ ਦਾ ਪਾਲਣ ਪੋਸ਼ਣ ਕਰਦੀ ਹੈ | ਇਸ ਲਈ ਮਾਂ ਦਿਵਸ ਸਿਰਫ਼ ਇਕ ਦਿਨ ਨਹੀ, ਸਗੋਂ ਹਰ ਰੋਜ਼ ਮਨਾਇਆ ਜਾਣਾ ਚਾਹੀਦਾ ਹੈ | ਮੇਅਰ ਨੇ ਕਿਹਾ ਕਿ ਮਾਂ ਦੀ ਮਹਾਨਤਾ ਸਿਰਫ਼ ਸ਼ਬਦਾਂ ਤੱਕ ਸੀਮਤ ਨਾ ਰਹੇ, ਸਗੋਂ ਸਮਾਜ ਵਿਚ ਮਾਵਾਂ ਨੰੂ ਅਸਲ ਸਤਿਕਾਰ ਅਤੇ ਹੱਕ ਮਿਲਣ ਲਈ ਵੀ ਯਤਨ ਹੋਣੇ ਚਾਹੀਦੇ ਹਨ |