ਲੁਧਿਆਣਾ, 16 ਮਈ (ਜਤਿੰਦਰ ਭੰਬੀ)-ਪੀ. ਏ. ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਯੋਗ ਅਗਵਾਈ ਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਨੇ ਸਿਖਲਾਈ ਕੈਂਪ ਲਗਾਇਆ | ਇਸ 'ਚ 65 ਜੈਵਿਕ ਖੇਤੀ ਕਿਸਾਨ ਸ਼ਾਮਿਲ ਹੋਏ | ਇਸ ਕੈਂਪ ਦੇ ਨਿਰਦੇਸ਼ਕ ਅਤੇ ਪੀ. ਏ. ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਉਤਪਾਦਨ ਦੇ ਨਾਲ-ਨਾਲ ਮੌਜੂਦਾ ਦੌਰ ਜਿਣਸਾਂ ਦੀ ਗੁਣਵੱਤਾ ਤੇ ਸ਼ੁੱਧਤਾ ਨੂੰ ਖਪਤਕਾਰ ਤੱਕ ਪਹੁੰਚਾਉਣ ਦਾ ਹੈ, ਇਸ ਲਈ ਵੱਧ ਤੋਂ ਵੱਧ ਕਿਸਾਨ ਰਸਾਇਣ ਮੁਕਤ ਜੈਵਿਕ ਤੇ ਕੁਦਰਤੀ ਖੇਤੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਤਰੀਕੇ ਅਪਣਾਉਣ ਲਈ ਇਸ ਦੀ ਬਕਾਇਦਾ ਸਮਝ ਅਤੇ ਸੋਝੀ ਹਾਸਿਲ ਕਰਨ ਵਾਸਤੇ ਹੀ ਕਲੱਬ ਵਲੋਂ ਹਰ ਤਿੰਨ ਮਹੀਨਿਆਂ ਬਾਅਦ ਇਸ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ | ਡਾ. ਰਿਆੜ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਜੈਵਿਕ ਖੇਤੀ ਬਾਰੇ ਸਾਹਿਤ ਨਾਲ ਜੁੜਨ ਦੀ ਅਪੀਲ ਵੀ ਕੀਤੀ | ਡਾ. ਰੁਚਿਕਾ ਭਾਰਦਵਾਜ ਨੇ ਮੋਟੇ ਅਨਾਜਾਂ ਦੀ ਕਾਸ਼ਤ ਤੇ ਪ੍ਰੋਸੈਸਿੰਗ ਬਾਰੇ, ਡਾ. ਅਮਨਪ੍ਰੀਤ ਨੇ ਸਰ੍ਹੋਂ ਦੀ ਜੈਵਿਕ ਕਾਸ਼ਤ ਬਾਰੇ, ਡਾ. ਗੁਰਪ੍ਰੀਤ ਸਿੰਘ ਨੇ ਤਿਲ਼ਾਂ ਤੇ ਮੂੰਗਫਲੀ ਦੀ ਜੈਵਿਕ ਖੇਤੀ ਬਾਰੇ ਅਤੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਣ ਸਿੰਘ ਵਾਲੀਆ ਨੇ ਜੈਵਿਕ ਖੇਤੀ ਦੇ ਮਹੱਤਵ ਤੇ ਇਸ ਨਾਲ ਜੁੜਨ ਵਾਲੇ ਕਿਸਾਨਾਂ ਦੇ ਮੁਨਾਫ਼ੇ 'ਚ ਵਾਧੇ ਬਾਰੇ ਵਿਸਥਾਰ ਨਾਲ ਗੱਲ ਕੀਤੀ | ਇਸ ਮੌਕੇ ਡਾ. ਅਮਨਦੀਪ ਸਿੰਘ ਸਿੱਧੂ ਨੇ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ | ਅੰਤ 'ਚ ਕਲੱਬ ਦੇ ਪ੍ਰਧਾਨ ਅੰਮਿ੍ਤ ਸਿੰਘ ਚਾਹਲ ਨੇ ਸਭ ਦਾ ਧੰਨਵਾਦ ਕੀਤਾ | ਸਮਾਗਮ ਦੇ ਕਨਵੀਨਰ ਸੰਚਾਰ ਕੇਂਦਰ ਦੇ ਵਰਿੰਦਰ ਸਿੰਘ ਸਨ |