ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਡੀਗੜ੍ਹ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ | ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਲੇਸ ਰਾਏ ਵਾਸੀ ਮਾਨਗੜ੍ਹ ਨੇ ਦੱਸਿਆ ਕਿ ਉਹ, ਉਸ ਦੀ ਪਤਨੀ ਤੇ ਲੜਕਾ ਬਿੱਟੂ ਕੁਮਾਰ ਉਮਰ 8 ਸਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਹੇ ਸੀ, ਜਦੋਂ ਉਹ ਚੰਡੀਗੜ੍ਹ ਰੋਡ ਨੇੜੇ ਮਾਸਟਰ ਢਾਬਾ ਨੇੜੇ ਪੁੱਜੇ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਉਸ ਦੇ ਲੜਕੇ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਨੂੰ ਸੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ | ਜਾਂਚ ਅਧਿਕਾਰੀ ਹੌਲਦਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਪਰ ਹਾਲ ਦੀ ਘੜੀ ਮੋਟਰਸਾਈਕਲ ਸਵਾਰਾਂ ਦਾ ਪਤਾ ਨਹੀਂ ਲੱਗਾ ਸੀ |