ਭਾਮੀਆ ਕਲਾਂ, 24 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਮੁੰਡੀਆਂ ਕਲਾਂ ਵਿਖੇ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਾਂਗਰਸ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ, ਜਿਸ 'ਚ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਢੋਅ ਲਿਆ, ਜਿਸ ਕਰਕੇ ਪੰਜਾਬ ਅੱਜ ਵਿਕਾਸ ਪੱਖੋਂ ਪਛੜ ਗਿਆ ਹੈ | ਮੀਟਿੰਗ ਵਿਚ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਹਲਕਾ ਸਾਹਨੇਵਾਲ 'ਚ ਕਾਂਗਰਸ ਦੀ ਜਿੱਤ ਅਤੇ ਸਥਾਨਕ ਆਗੂ ਦੀ ਟਿਕਟ ਦੀ ਮੰਗ ਨੂੰ ਲੈ ਕੇ ਜੋ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਉਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਮੁੰਡੀਆਂ ਵਿਖੇ ਮੀਟਿੰਗ ਕੀਤੀ ਗਈ ਹੈ | ਇਸ ਤੋਂ ਪਹਿਲਾਂ ਸੁਖਜੀਤ ਸਿੰਘ ਸੁੱਖੀ ਹਰੇ ਵਲੋਂ ਸਾਹਨੇਵਾਲ ਵਿਖੇ ਮੀਟਿੰਗ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਉਸੇ ਤਰ੍ਹਾਂ ਅੱਜ ਪਿੰਡ ਮੁੰਡੀਆਂ ਵਿਖੇ ਸਾਡੇ ਵਲੋਂ ਕਰਵਾਈ ਗਈ ਮੀਟਿੰਗ 'ਚ ਵੀ ਭਰਵਾਂ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਹਲਕਾ ਸਾਹਨੇਵਾਲ 'ਚੋਂ ਹੋਈ ਜਿੱਤ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਹਲਕੇ ਦੇ ਲੋਕ ਕੋਈ ਸਥਾਨਕ ਆਗੂ ਨੂੰ 2027 ਦੀਆਂ ਚੋਣਾਂ 'ਚ ਉਮੀਦਵਾਰ ਦੇਖਣਾ ਚਾਹੁੰਦੀ ਹੈ | ਇਸ ਮੌਕੇ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਲੋਕ ਹੁਣ ਵਾਰ-ਵਾਰ ਹਾਰਨ ਵਾਲੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਹਾਈਕਮਾਨ ਕੇਰਲਾ ਦੀ ਤਰਜ਼ 'ਤੇ ਹਾਰਨ ਵਾਲੇ ਕਿਸੇ ਕਾਂਗਰਸੀ ਆਗੂ ਨੂੰ ਟਿਕਟ ਦੇਵੇਗੀ, ਭਾਵੇਂ ਉਸ ਦਾ ਜੋ ਮਰਜ਼ੀ ਸਿਆਸੀ ਪਿਛੋਕੜ ਹੋਵੇ | ਸਤਿੰਦਰ ਸਿੰਘ ਤਾਜਪੁਰ ਨੇ ਸੁਰ ਲਾਲ ਸੁਰ ਮਿਲਾਉਂਦੇ ਹੋਏ ਸਥਾਨਕ ਆਗੂ ਲਈ ਟਿਕਟ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ, ਅਮਰਜੀਤ ਸਿੰਘ ਧਾਲੀਵਾਲ, ਸੁਦਾਗਰ ਸਿੰਘ, ਦੇਵ ਸਿੰਘ, ਬਲਰਾਜ ਸਿੰਘ ਰਾਜੀ, ਜਰਨੈਲ ਸਿੰਘ ਜੈਲੀ, ਭਿੰਦਾ ਮੁੰਡੀ ਕੈਨੇਡਾ, ਪ੍ਰਭਪ੍ਰੀਤ ਸਿੰਘ ਬੱਬੀ ਮੁੰਡੀ, ਅਮਰਜੀਤ ਸਿੰਘ, ਜਸਕਰਨ ਸਿੰਘ, ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਕਸ਼ਮੀਰਾ ਸਿੰਘ, ਮਨੀ ਹਰਗਨ, ਸੁਰਜਨ ਸਿੰਘ, ਬੀਬੀ ਜਸਵੀਰ ਕੌਰ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |