ਢੰਡਾਰੀ ਕਲਾਂ/ਲੁਧਿਆਣਾ, 1 ਜੂਨ (ਜਸਵੀਰ ਸਿੰਘ ਬੰਗਾ)-ਥਾਣਾ ਸ਼ਿਮਲਾਪੁਰੀ ਅਧੀਨ ਆਉਂਦੇ ਇਲਾਕੇ ਲੋਹਾਰਾ 'ਚ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸੜਕ 'ਤੇ ਆਪਣੇ ਹੀ ਪਤੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਸ਼ਰ੍ਹੇਆਮ ਹੋਈ ਇਸ ਗੁੰਡਾਗਰਦੀ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਔਰਤਾਂ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ, ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਮਾਰਦੀਆਂ ਦਿਖਾਈ ਦੇ ਰਹੀਆਂ ਹਨ | ਜ਼ਖਮੀ ਹੋਏ ਨੌਜਵਾਨ ਨੂੰ ਲਹੂ-ਲੁਹਾਣ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ | ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਯੁਵਰਾਜ ਵਾਸੀ ਲੁਹਾਰਾ ਵਜੋਂ ਹੋਈ ਹੈ | ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਅਤੇ ਉਸ ਦੇ ਦੋ ਬੱਚੇ ਵੀ ਹਨ | ਕੁਝ ਮਹੀਨੇ ਪਹਿਲਾਂ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਬਣ ਗਏ | ਉਸ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਪਤਨੀ ਨੇ ਉਸ ਨੂੰ ਉਸ ਦੇ ਹੀ ਘਰ 'ਚੋਂ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਅਤੇ ਘਰ ਵਿਚ ਲੱਖਾਂ ਰੁਪਏ ਦਾ ਸੋਨਾ ਆਪਣੇ ਪ੍ਰੇਮੀ ਨੂੰ ਦੇ ਦਿੱਤਾ | ਉਸ ਦੱਸਿਆ ਕਿ ਉਸ ਦੀ ਪਤਨੀ ਹੁਣ ਉਸ ਨੂੰ ਤਲਾਕ ਦੇਣ ਦਾ ਦਬਾਅ ਬਣਾ ਰਹੀ ਹੈ, ਪਰ ਉਹ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਅਜਿਹਾ ਨਹੀਂ ਕਰ ਸਕਦਾ | ਇਸੇ ਰੰਜਿਸ਼ ਤਹਿਤ ਉਸ ਨੂੰ ਰਸਤੇ ਤੋਂ ਹਟਾਉਣ ਦੀ ਵਿਉਂਤ ਘੜੀ ਗਈ | ਯੁਵਰਾਜ ਨੇ ਦੱਸਿਆ ਕਿ ਜਦੋਂ ਉਹ ਲੁਹਾਰਾ ਇਲਾਕੇ 'ਚ ਸੀ ਤਾਂ ਉਸ ਦੀ ਪਤਨੀ, ਪ੍ਰੇਮੀ, ਸੱਸ, ਸਾਲੀ ਅਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਜਾਨਲੇਵਾ ਹਮਲਾ ਕਰ ਦਿੱਤਾ | ਇਸ ਸਬੰਧੀ ਥਾਣਾ ਡਾਬਾ ਦੇ ਐਸ.ਐਚ.ਓ ਪਰਮਦੀਪ ਸਿੰਘ ਨੇ ਦੱਸਿਆ ਕਿ ਹਮਲੇ ਦੀ ਸੀ.ਸੀ.ਟੀ.ਵੀ ਫੁਟੇਜ ਉਨ੍ਹਾਂ ਕੋਲ ਪਹੁੰਚੀ ਹੈ ਅਤੇ ਦੋਵੇਂ ਧਿਰਾਂ ਦੀ ਗੱਲਬਾਤ ਸੁਣੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |