ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿੰਗਾਰ ਸਿਨੇਮਾ ਸੜਕ 'ਤੇ ਅੱਜ ਬਾਅਦ ਦੁਪਹਿਰ ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ 'ਚ ਨੌਜਵਾਨ ਵਾਲ ਵਾਲ ਬਚ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਸ਼ਿੰਗਾਰ ਸਿਨੇਮਾ ਰੋਡ 'ਤੇ ਰਹਿਣ ਵਾਲਾ ਹੈਪੀ ਨਾਮੀ ਨੌਜਵਾਨ ਉੱਥੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ, ਜੋ ਕਿ ਪਿਛਲੇ ਕੁੱਝ ਸਮੇਂ ਤੋਂ ਸੜਕ 'ਤੇ ਚੱਕਰ ਲਗਾ ਰਿਹਾ ਸੀ, ਉੱਥੇ ਰੁਕਿਆ ਅਤੇ ਉਸ ਨੇ ਹੈਪੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਕਥਿਤ ਦੋਸ਼ੀ ਵਲੋਂ ਚਲਾਈਆਂ ਗੋਲੀਆਂ ਵਿਚ ਹੈਪੀ ਵਾਲ ਵਾਲ ਬਚ ਗਿਆ | ਕਥਿਤ ਦੋਸ਼ੀ ਵਲੋਂ ਹੈਪੀ 'ਤੇ ਇਕ ਗੋਲੀ ਚਲਾਈ ਗਈ, ਜਦੋਂ ਦੂਜੀ ਗੋਲੀ ਚਲਾਉਣ ਲੱਗਿਆ ਤਾਂ ਉਹ ਨਹੀਂ ਚੱਲੀ | ਗੋਲੀ ਚੱਲਣ ਕਾਰਨ ਉੱਥੇ ਲੋਕ ਇਕੱਠੇ ਹੋ ਗਏ, ਜਿਸ ਕਾਰਨ ਕਥਿਤ ਦੋਸ਼ੀ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ | ਜਾਂਚ ਕਰ ਰਹੇ ਏ.ਡੀ.ਸੀ.ਪੀ. ਸੁਮੀਰ ਵਰਮਾ ਨੇ ਦੱਸਿਆ ਕਿ ਹੈਪੀ ਦੀ ਪਿਛਲੇ ਕਾਫ਼ੀ ਸਮੇਂ ਤੋਂ ਮਾਨਾ ਨਾਮੀ ਨੌਜਵਾਨ ਨਾਲ ਨਿੱਜੀ ਰੰਜ਼ਿਸ਼ ਚੱਲ ਰਹੀ ਹੈ | ਇਸ ਰੰਜ਼ਿਸ਼ ਤਹਿਤ ਉਸ ਵਲੋਂ ਹੈਪੀ 'ਤੇ ਗੋਲੀਆਂ ਚਲਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ | ਗੋਲੀ ਚੱਲਣ ਦੀ ਇਹ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜੋ ਕਿ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ |