ਲੁਧਿਆਣਾ, 14 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਪੱਛਮੀ ਵਿਚ ਵਿਕਾਸ ਕਾਰਜਾਂ ਦੀ ਗਤੀ ਨੂੰ ਲੈ ਕੇ ਸਥਾਨਕ ਨਿਵਾਸੀਆਂ ਵਿਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਲਕਾ ਵਿਧਾਇਕ ਤੇ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਲਕਾ ਜਿਵੇਂ ਲਾਵਾਰਸ ਹੋ ਗਿਆ ਹੈ, ਕਿਉਂਕਿ ਕਈ ਜਨਤਕ ਸਮੱਸਿਆਵਾਂ ਲੰਮੇ ਸਮੇਂ ਤੋਂ ਹੱਲ ਦੀ ਉਡੀਕ ਕਰ ਰਹੀਆਂ ਹਨ। ਸਥਾਨਕ ਲੋਕਾਂ ਮੁਤਾਬਿਕ ਵਿਧਾਇਕ ਪੱਧਰ ਨਾਲ ਜੁੜੇ ਕੰਮ ਕਰਵਾਉਣ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਲੋਕਾਂ ਦਾ ਦਾਅਵਾ ਹੈ ਕਿ ਹਲਕੇ ਵਿਚ ਵਿਕਾਸ ਕਾਰਜ ਪਹਿਲਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਰਹਿ ਗਏ ਹਨ। ਇਲਾਕੇ ਦੀਆਂ ਪਾਰਕਾਂ ਵੀ ਚਿੰਤਾਜਨਕ ਦੱਸੀਆਂ ਜਾ ਰਹੀਆਂ ਹਨ। ਖਾਸ ਤੌਰ ‘ਤੇ ਵਾਰਡ ਨੰਬਰ 63 ਤੇ 65 ਦੀਆਂ ਕੁੱਝ ਪਾਰਕਾਂ ਵਿਚ ਸਫ਼ਾਈ ਦੀ ਕਮੀ, ਟੁੱਟੇ ਝੂਲੇ ਤੇ ਗੰਦਗੀ ਪਈ ਹੋਈ ਦੇਖੀ ਜਾ ਸਕਦੀ ਹੈ। ਬੱਚਿਆਂ ਲਈ ਲਗਾਏ ਝੂਲੇ ਟੁੱਟੇ ਹੋਣ ਕਾਰਨ ਮਾਪੇ ਬੱਚਿਆਂ ਨੂੰ ਪਾਰਕਾਂ ਵਿਚ ਭੇਜਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਨਾ ਹੋਣ ਕਾਰਨ ਪਾਰਕਾਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ। ਨਿਵਾਸੀਆਂ ਨੇ ਚਿੰਤਾ ਜਤਾਈ ਕਿ ਖੜ੍ਹੇ ਪਾਣੀ ਨਾਲ ਮੱਛਰ ਤੇ ਮੱਖੀਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਕਈ ਪਾਰਕਾਂ ਵਿਚ ਤਾਂ ਲੋਕਾਂ ਵਲੋਂ ਕਬਜ਼ੇ ਕਰਕੇ ਆਪਣਾ ਸਾਮਾਨ ਵੀ ਰੱਖਿਆ ਹੋਇਆ ਹੈ। ਸੜਕਾਂ ਦੀ ਹਾਲਤ ਵੀ ਲੋਕਾਂ ਦੀ ਨਾਰਾਜ਼ਗੀ ਦਾ ਵੱਡਾ ਕਾਰਨ ਬਣੀ ਹੋਈ ਹੈ। ਨਿਵਾਸੀਆਂ ਨੇ ਦੱਸਿਆ ਕਿ ਇਲਾਕੇ ਦੀਆਂ ਕਈ ਸੜਕਾਂ ਟੁੱਟੀਆਂ ਹੋਈਆਂ ਹਨ। ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਦੇ ਬਾਹਰਲੀ ਸੜਕ ਤੱਕ ਖਸਤਾ ਹਾਲ ਹੈ, ਜਿਸ ਨਾਲ ਪ੍ਰਸ਼ਾਸਨਿਕ ਕੰਮਕਾਜ ‘ਤੇ ਵੀ ਸਵਾਲ ਉਠ ਰਹੇ ਹਨ। ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਹਲਕਾ ਪੱਛਮੀ ਦੇ ਲੰਬਿਤ ਮਸਲਿਆਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਵਿਕਾਸ ਕਾਰਜਾਂ ਨੂੰ ਮੁੜ ਰਫ਼ਤਾਰ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਲਕਾ ਪੱਛਮੀ ਹੋਇਆ ਲਾਵਾਰਸ
ਅਜੀਤ ਡੈਸਕ
15-06-2026