ਲੁਧਿਆਣਾ, 25 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ’ਚ ਕਥਿਤ ਤੌਰ ’ਤੇ ਕੋਚਿੰਗ ਅਤੇ ਟਿਊਸ਼ਨ ਸੈਂਟਰਾਂ ਦੀ ਗਤੀਵਿਧੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਸੁਰੱਖਿਆ, ਟ੍ਰੈਫਿਕ ਪ੍ਰਬੰਧਨ ਅਤੇ ਨਿਯਮਾਂ ਦੀ ਪਾਲਨਾ ਨੂੰ ਲੈ ਕੇ ਚਿੰਤਾਵਾਂ ਉਭਰ ਰਹੀਆਂ ਹਨ। ਜਾਣਕਾਰੀ ਮੁਤਾਬਿਕ ਮਾਡਲ ਟਾਊਨ ਐਕਸਟੈਨਸ਼ਨ ਦੇ ਬਲਾਕ ਏ ਅਤੇ ਏਐਕਸ, ਸਰਾਭਾ ਨਗਰ, ਦੁੱਗਰੀ, ਭਾਈ ਰਣਧੀਰ ਸਿੰਘ ਨਗਰ ਅਤੇ ਹੋਰ ਕਈ ਰਿਹਾਇਸ਼ੀ ਇਲਾਕਿਆਂ ਵਿਚ ਦੋ ਅਤੇ ਤਿੰਨ ਮੰਜ਼ਿਲਾਂ ਮਕਾਨਾਂ ਨੂੰ ਕਥਿਤ ਤੌਰ ’ਤੇ ਕੋਚਿੰਗ ਜਾਂ ਟਿਊਸ਼ਨ ਸੈਂਟਰਾਂ ਵਜੋਂ ਵਰਤਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸੈਂਟਰਾਂ ਵਿਚ ਦਿਨ ਭਰ ਵੱਖ-ਵੱਖ ਬੈਚਾਂ ਵਿਚ ਕਲਾਸਾਂ ਲੱਗਦੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਆਵਾਜਾਈ ਰਹਿੰਦੀ ਹੈ। ਇਸ ਨਾਲ ਕਈ ਇਲਾਕਿਆਂ ਵਿਚ ਟ੍ਰੈਫਿਕ ਜਾਮ, ਬੇਤਰਤੀਬ ਪਾਰਕਿੰਗ ਅਤੇ ਆਮ ਆਵਾਜਾਈ ਵਿਚ ਰੁਕਾਵਟ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਭੀੜ ਸਭ ਤੋਂ ਵੱਧ ਰਹਿੰਦੀ ਹੈ, ਜਿਸ ਨਾਲ ਰਿਹਾਇਸ਼ੀ ਇਲਾਕਿਆਂ ਦੀ ਸ਼ਾਂਤੀ ਪ੍ਰਭਾਵਿਤ ਹੋ ਰਹੀ ਹੈ। ਸਭ ਤੋਂ ਵੱਡੀ ਚਿੰਤਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਤਾਈ ਜਾ ਰਹੀ ਹੈ। ਕਈ ਅਜਿਹੀਆਂ ਇਮਾਰਤਾਂ ਵਿਚ ਅੱਗ ਬੁਝਾਉਣ ਵਾਲੇ ਯੰਤਰ, ਐਮਰਜੈਂਸੀ ਨਿਕਾਸ ਦਰਵਾਜ਼ੇ, ਪਾਰਕਿੰਗ ਸਪੇਸ ਅਤੇ ਭੀੜ ਪ੍ਰਬੰਧਨ ਵਰਗੇ ਲਾਜ਼ਮੀ ਸੁਰੱਖਿਆ ਮਾਪਦੰਡ ਪੂਰੀ ਤਰ੍ਹਾਂ ਲਾਗੂ ਹਨ ਜਾਂ ਨਹੀਂ, ਇਸ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਖ਼ਾਸਕਰ ਕਰਕੇ ਅੱਗ, ਸ਼ਾਰਟ ਸਰਕਟ ਜਾਂ ਭਗਦੜ ਦੌਰਾਨ ਸਮੇਂ ਸਿਰ ਬਚਾਅ ਨਾ ਹੋ ਸਕਿਆ ਤਾਂ ਹਾਲਤ ਗੰਭੀਰ ਹੋ ਸਕਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆ ’ਚ ਕੋਚਿੰਗ ਸੈਂਟਰਾਂ ਅਤੇ ਭੀੜ-ਭਾੜ ਵਾਲੀਆਂ ਇਮਾਰਤਾਂ ਨਾਲ ਜੁੜੇ ਹਾਦਸਿਆਂ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ਦੀਆਂ ਕਮੀਆਂ ਉਜਾਗਰ ਕੀਤੀਆਂ ਹਨ। ਇਸ ਪਿਛੋਕੜ ਵਿਚ ਸ਼ਹਿਰ ਅੰਦਰ ਵੀ ਲੋਕਾਂ ਵਿਚ ਚਿੰਤਾ ਵੱਧ ਰਹੀ ਹੈ ਕਿ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਰੋਕਥਾਮੀ ਕਦਮ ਚੁੱਕਣੇ ਲਾਜ਼ਮੀ ਹਨ। ਸਥਾਨਕ ਨਿਵਾਸੀਆਂ ਅਤੇ ਜਾਗਰੂਕ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੀਆਂ ਅਜਿਹੀਆਂ ਗਤੀਵਿਧੀਆਂ ਦੀ ਜਾਂਚ ਕਰੇ। ਬਿਲਡਿੰਗ ਨਿਯਮਾਂ ਦੀ ਉਲੰਘਣਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਨਾ ਦੀ ਪੁਸ਼ਟੀ ਕਰੇ ਅਤੇ ਜਿੱਥੇ ਵੀ ਉਲੰਘਣਾ ਮਿਲੇ, ਉਥੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਨ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿਚ ਲਾਪਰਵਾਹੀ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।