ਸਿਹਤ ਵਿਭਾਗ ਵਲੋਂ ਸਾਰੇ ਸਰਕਾਰੀ ਕੰਮ ਈ-ਆਫਿਸ ਪੋਰਟਲ ਰਾਹੀਂ ਕਰਨ ਦੇ ਦਿੱਤੇ ਹੁਕਮ
ਅਜੀਤ ਡੈਸਕ
01-07-2026
ਲੁਧਿਆਣਾ, 30 ਜੂਨ (ਡਾ. ਤਰਲੋਚਨ ਸਿੰਘ)-ਇਕ ਜੁਲਾਈ ਤੋਂ ਛੁੱਟੀਆਂ,ਸ਼ਿਕਾਇਤਾਂ,ਅਦਾਲਤੀ ਕੇਸਾਂ, ਤਰੱਕੀਆਂ, ਐਨਓਸੀਐਸ, ਐਮਏਸੀਪੀਐਸ, ਵਿੱਤੀ ਮਾਮਲਿਆਂ ਅਤੇ ਹੋਰ ਪ੍ਰਬੰਧਕੀ ਮਾਮਲਿਆਂ ਆਦਿ ਨਾਲ ਸਬੰਧਤ ਸਾਰੀਆਂ ਫਾਈਲਾਂ ਹੁਣ ਸਿਵਲ ਸਰਜਨ ਦਫ਼ਤਰਾਂ ਤੋਂ ਈ-ਆਫਿਸ ਪੋਰਟਲ ਰਾਹੀਂ ਡੀ ਐਚ ਐਸ ਦਫ਼ਤਰ ਨੂੰ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਈ-ਆਫਿਸ ਪੋਰਟਲ ਦੇ ਮਾਸਟਰ ਟ੍ਰੇਨਰਾਂ ਲਈ “ਟ੍ਰੇਨਰਾਂ ਦੀ ਸਿਖਲਾਈ” ਲਈ ਸਾਰੇ ਜ਼ਿਲ੍ਹਿਆਂ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇ ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਇਸ ਨਾਲ ਪੀਸੀਐਮਐਸਏ ਵਲੋਂ ਇੱਕ ਹੋਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀਸੀਐਮਐਸਏ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਇਹ ਇੱਕ ਵੱਡਾ ਪ੍ਰਸ਼ਾਸਕੀ ਸੁਧਾਰ ਹੈ, ਜੋ ਅੰਤ ਵਿਚ ਐਨਓਸੀਐਸ, ਛੁੱਟੀਆਂ, ਐਮਏਸੀਪੀਐਸ, ਪ੍ਰੋਬੇਸ਼ਨ ਆਦਿ ਦੀ ਪ੍ਰਵਾਨਗੀ,ਮਨਜ਼ੂਰੀ ਨਾਲ ਸਬੰਧਤ ਮਾਮਲਿਆਂ ਵਿਚ ਬੇਲੋੜੀ ਪ੍ਰਕਿਰਿਆਤਮਕ ਦੇਰੀ ਅਤੇ ਬਾਅਦ ਵਿਚ ਪੀਸੀਐਮਐਸ ਅਧਿਕਾਰੀਆਂ ਦੀ ਪਰੇਸ਼ਾਨੀ ਨੂੰ ਖਤਮ ਕਰੇਗਾ। ਇਸ ਤਰ੍ਹਾਂ ਇਕ ਪਾਰਦਰਸ਼ੀ, ਜਵਾਬਦੇਹ ਅਤੇ ਸਮਾਂਬੱਧ ਵਿਧੀ ਨੂੰ ਯਕੀਨੀ ਬਣਾਏਗਾ।