ਲੁਧਿਆਣਾ, 2 ਜੁਲਾਈ (ਡਾ. ਤਰਲੋਚਨ ਸਿੰਘ)-ਭਾਸ਼ਾ ਵਿਭਾਗ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਲੁਧਿਆਣਾ ਵਿਖੇ ਉਰਦੂ ਕੋਰਸ ਦਾ ਅਗਲਾ ਸੈਸ਼ਨ ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦੇ ਇਸ ਪੂਰੇ ਕੋਰਸ ਲਈ ਵਿਭਾਗ ਵਲੋਂ ਕੇਵਲ 500 ਰੁਪਏ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਹੈ ਅਤੇ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਕੋਰਸ ਵਿਚ ਦਾਖਲਾ ਲੈ ਸਕਦਾ ਹੈ। ਇਸ ਕੋਰਸ ਲਈ ਵਿਸ਼ੇਸ਼ ਤੌਰ ’ਤੇ ਸਿੱਖਿਅਕ ਅਤੇ ਕਾਬਲ ਉਰਦੂ ਅਧਿਆਪਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਤਰ੍ਹਾਂ ਦੇ ਉਪਰਾਲੇ ਕਰਦਾ ਹੈ, ਉੱਥੇ ਹੀ ਹੋਰ ਭਾਸ਼ਾਵਾਂ ਦੇ ਕਲਾਸਕੀ ਸਾਹਿੱਤ ਦੇ ਪੰਜਾਬੀ ਅਨੁਵਾਦ ਰਾਹੀਂ ਪੰਜਾਬੀ ਪਾਠਕਾਂ ਦੀ ਸਾਂਝ ਵਿਸ਼ਵ ਸਾਹਿੱਤ ਨਾਲ ਵੀ ਪਵਾਉਂਦਾ ਹੈ। ਭਾਸ਼ਾ ਵਿਭਾਗ ਦੁਆਰਾ ਪੰਜਾਬ ਵਿਚ ਸਾਹਿੱਤਿਕ ਅਤੇ ਦਫ਼ਤਰੀ ਲੋੜਾਂ ਦੀ ਪੂਰਤੀ ਲਈ ਉਰਦੂ ਭਾਸ਼ਾ ਦੇ ਗਿਆਨ ਦੇ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਦੁਆਰਾ ਉਰਦੂ ਭਾਸ਼ਾ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿਚ ਉਰਦੂ ਦੀ ਸਿੱਖਿਆ ਲਈ ਉਰਦੂ ਆਮੋਜ਼ ਦਾ ਕੋਰਸ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਦੇ ਅਨੇਕ ਸਿੱਖਿਆਰਥੀਆਂ ਨੇ ਉਰਦੂ ਭਾਸ਼ਾ ਦੀ ਸਿੱਖਿਆ ਹਾਸਲ ਕੀਤੀ ਹੈ। ਲੁਧਿਆਣਾ ਦੇ ਪਿਛਲੇ ਸਾਲਾਂ ਦੇ ਵੱਖ ਵੱਖ ਸੈਸ਼ਨਾਂ ਦੇ ਅਨੇਕ ਸਿੱਖਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਰਾਜ ਪੱਧਰ ਉਤੇ ਪੁਜ਼ੀਸ਼ਨਾਂ ਵੀ ਹਾਸਲ ਕੀਤੀਆਂ ਹਨ। ਕਲਾਸ ਦਾ ਸਮਾਂ ਸ਼ਾਮ 5 ਵਜੇ ਤੋਂ 6 ਵਜੇ ਦਾ ਹੈ, ਜਿਸ ਕਾਰਨ ਕੰਮ-ਕਾਜ ਅਤੇ ਨੌਕਰੀ ਵਾਲੇ ਲੋਕ ਵੀ ਇਸ ਦਾ ਲਾਭ ਉਠਾ ਸਕਦੇ ਹਨ। ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਭਾਰਤ ਨਗਰ ਚੌਕ, ਲੁਧਿਆਣਾ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ਼ 10 ਜੁਲਾਈ ਨਿਰਧਾਰਿਤ ਕੀਤੀ ਗਈ ਹੈ।