15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਵਲੋਂ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ

Ad Position 21
No active advertisement
ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਡਾ. ਤਰਲੋਚਨ ਸਿੰਘ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਚਲਾਏ ਜਾ ਰਹੇ ਮਮਤਾ ਦਿਵਸ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ ਸੁਧਾਰ ਵਿਖੇ ਚੱਲ ਰਹੀਆਂ ਮਾਤਾ ਅਤੇ ਬਾਲ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਦੌਰਾ ਕੀਤਾ। ਉਨ੍ਹਾਂ ਨੇ ਰੁਟੀਨ ਟੀਕਾਕਰਨ, ਗਰਭਵਤੀ ਮਹਿਲਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਟੀਕਿਆਂ ਦੀ ਉਪਲਬਧਤਾ, ਕੋਲਡ ਚੇਨ ਪ੍ਰਬੰਧਨ, ਪੋਸ਼ਣ ਸਲਾਹ ਅਤੇ ਲਾਭਪਾਤਰੀਆਂ ਦੇ ਰਿਕਾਰਡ ਦੀ ਸਮੀਖਿਆ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਵਲੋਂ ਜਾਰੀ ਸੰਦੇਸ਼ ਵਿਚ ਕਿਹਾ ਗਿਆ ਕਿ ਰੁਟੀਨ ਟੀਕਾਕਰਨ ਬੱਚਿਆਂ ਨੂੰ ਟੀਕਿਆਂ ਰਾਹੀਂ ਰੋਕੀਆਂ ਜਾ ਸਕਣ ਵਾਲੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਉਪਾਅ ਹੈ। ਹਰ ਬੱਚੇ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਨੁਸਾਰ ਸਮੇਂ ਸਿਰ ਸਾਰੇ ਟੀਕੇ ਲਗਵਾਉਣਾ ਹਰ ਮਾਪੇ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ-ਨਾਲ ਮਾਂ ਦਾ ਦੁੱਧ ਬੱਚੇ ਦਾ ਪਹਿਲਾ ਟੀਕਾ ਹੈ, ਜੋ ਨਵਜੰਮੇ ਬੱਚੇ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਹਰ ਮਾਂ ਨੂੰ ਜਨਮ ਤੋਂ ਇਕ ਘੰਟੇ ਦੇ ਅੰਦਰ ਬੱਚੇ ਨੂੰ ਦੁੱਧ ਪਿਲਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਮਤਾ ਦਿਵਸ ਪਿੰਡ ਪੱਧਰ ’ਤੇ ਮਾਤਾ ਅਤੇ ਬਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਇਕ ਮਹੱਤਵਪੂਰਨ ਮੰਚ ਹੈ। ਇਨ੍ਹਾਂ ਨਿਯਮਤ ਸੈਸ਼ਨਾਂ ਦੌਰਾਨ ਗਰਭਵਤੀ ਮਹਿਲਾਵਾਂ ਦੀ ਜਾਂਚ, ਪੋਸ਼ਣ ਸਬੰਧੀ ਸਲਾਹ, ਆਇਰਨ-ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦੀ ਵੰਡ, ਬੱਚਿਆਂ ਦਾ ਰੁਟੀਨ ਟੀਕਾਕਰਨ, ਵਿਕਾਸ ਦੀ ਨਿਗਰਾਨੀ ਅਤੇ ਹੋਰ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਮਮਤਾ ਦਿਵਸ ਦੌਰਾਨ ਉਪਲਬਧ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਦੌਰੇ ਦੌਰਾਨ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਰੁਟੀਨ ਟੀਕਾਕਰਨ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਕੋਈ ਵੀ ਯੋਗ ਬੱਚਾ ਜਾਂ ਗਰਭਵਤੀ ਮਹਿਲਾ ਟੀਕਾਕਰਨ ਜਾਂ ਹੋਰ ਮਾਤਾ-ਬਾਲ ਸਿਹਤ ਸੇਵਾਵਾਂ ਤੋਂ ਵਾਂਝੀ ਨਾ ਰਹੇ, ਇਹ ਯਕੀਨੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਾਰੇ ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਨਿਰਧਾਰਿਤ ਸਮੇਂ ਅਨੁਸਾਰ ਕਰਵਾਉਣ ਅਤੇ ਮਦਰ ਐਂਡ ਚਾਈਲਡ ਪ੍ਰੋਟੈਕਸ਼ਨ ਕਾਰਡ ਨੂੰ ਸੰਭਾਲ ਕੇ ਰੱਖਣ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਰਹਿ ਗਏ ਅਤੇ ਅਧੂਰੇ ਟੀਕਾਕਰਨ ਵਾਲੇ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਉਣ, ਤਾਂ ਜੋ ਸਰਵ ਵਿਆਪੀ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਸੰਧੂ, ਡਿਪਟੀ ਮਾਸ ਮੀਡੀਆ ਅਫ਼ਸਰ ਰਾਜਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਟਰੈਕ ’ਤੇ ਉਤਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਮੁੱਖ ਮੰਤਰੀ ਨਾਲ ਜਲਦ ਭੇਟ ਕਰਾਂਗੇ-ਵਿਜੇ ਦਾਨਵ
Ad Position 24