ਲੁਧਿਆਣਾ, 15 ਜੁਲਾਈ (ਭੁਪਿੰਦਰ ਸਿੰਘ ਬੈਂਸ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਵਿਖੇ ਚਲਾਏ ਗਏ ਸਫਾਈ ਅਭਿਆਨ ਵਿਚ ਹਿੱਸਾ ਲਿਆ। ਇਸ ਦੌਰਾਨ ਉਹ ਖੁਦ ਰੇਲਵੇ ਟਰੈਕ ‘ਤੇ ਉਤਰੇ, ਹੱਥਾਂ ਵਿਚ ਦਸਤਾਨੇ ਪਾ ਕੇ ਟਰੈਕ ’ਤੇ ਪਿਆ ਕੂੜਾ ਚੁੱਕਿਆ ਅਤੇ ਉਸ ਨੂੰ ਕੂੜੇਦਾਨ ‘ਚ ਪਾਇਆ। ਇਸ ਮੌੇਕੇ ਬਿੱਟੂ ਨੇ ਕਿਹਾ ਕਿ ਉਹ ਇਹ ਕੰਮ ਸਿਰਫ ਦਿਖਾਵੇ ਲਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਭਾਵੇਂ ਮਸ਼ੀਨਾਂ ਰਾਹੀਂ ਵੀ ਸਫਾਈ ਕਰਵਾਈ ਜਾ ਸਕਦੀ ਸੀ। ਪਰ ਉਨ੍ਹਾਂ ਦਾ ਮਕਸਦ ਖੁਦ ਸਫਾਈ ਕਰਕੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਫਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਦੀ ਭਾਗੀਦਾਰੀ ਤੋਂ ਬਿਨ੍ਹਾਂ ਕਿਸੇ ਵੀ ਸਫਾਈ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਨਹੀ ਬਣਾਇਆ ਜਾ ਸਕਦਾ।