ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਹੋਏ ਫਰਾਰ
ਅਜੀਤ ਡੈਸਕ
27-07-2026
ਲੁਧਿਆਣਾ, 26 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦਿੱਲੀ ਮੁੱਖ ਸੜਕ ’ਤੇ ਪਿੰਡ ਪਵਾ ਪਾਸ ਦੋ ਹਥਿਆਰਬੰਦ ਲੁਟੇਰੇ ਇੱਕ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਚੰਦਰੇਸ਼ ਕੁਮਾਰ ਵਾਸੀ ਪਿੰਡ ਨੰਦਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਘਰ ਤੋਂ ਕੰਗਣਵਾਲ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਪਵਾ ਪਾਸ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਉੱਥੇ ਆਏ ਅਤੇ ਉਸ ਪਾਸੋਂ ਮੋਟਰਸਾਈਕਲ ਦੀ ਚਾਬੀ ਦੀ ਮੰਗ ਕੀਤੀ, ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਪਾਸੋਂ ਜ਼ਬਰਦਸਤੀ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ. ਪੁਲਿਸ ਨੇ ਲੁਟੇਰਿਆਂ ਦੇ ਸੁਰਾਗ ਲਈ ਉੱਥੇ ਨੇੜੇ ਲੱਗੇ ਸੀ ਸੀ ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ।