05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗ਼ਰੀਬ ਦੀ ਥਾਲ਼ੀ ਦਾ ਸ਼ਹਿਨਸ਼ਾਹ ‘ਅੰਬ ਦਾ ਆਚਾਰ’

Ad Position 21
No active advertisement
ਅਜੀਤ ਡੈਸਕ 28-07-2026
ਇਆਲੀ/ਥਰੀਕੇ, 27 ਜੁਲਾਈ (ਮਨਜੀਤ ਸਿੰਘ ਦੁੱਗਰੀ)-ਅੱਜ ਦੇ ਦੌਰ ਵਿਚ ਜਿੱਥੇ ਟਮਾਟਰ, ਪਿਆਜ਼ ਅਤੇ ਹਰੀਆਂ ਸਬਜ਼ੀਆਂ, ਦਾਲਾਂ ਕਦੇ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਹਨ, ਉੱਥੇ ਘਰ ਦੇ ਮਰਤਬਾਨ ਵਿਚ ਪਿਆ ‘ਅੰਬ ਦਾ ਆਚਾਰ’ ਦੋ ਸੁੱਕੀਆਂ ਰੋਟੀਆਂ ਖਾਣ ਵਾਲੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿ ਉਸ ਦੀ ਥਾਲ਼ੀ ਦਾਲ/ਸਬਜ਼ੀ ਤੋਂ ਖ਼ਾਲੀ ਹੈ। ਵਧਦੀ ਮਹਿੰਗਾਈ ਵਿਚ ਗ਼ਰੀਬ ਵਰਗ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣ ਲਈ ਵਧੇਰੇ ਮਿਹਨਤ-ਮੁਸ਼ੱਕਤ ਕਰਨ ਦੇ ਬਾਵਜੂਦ ਪਰਿਵਾਰ ਦੇ ਚਾਰ-ਪੰਜ ਜੀਆਂ ਲਈ ਦਾਲ-ਸਬਜ਼ੀ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਖ਼ਰਚੇ ਵੀ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਵਿਅਕਤੀ ਦਾ ਲੱਕ ਤੋੜ ਦਿੰਦੇ ਹਨ। ਅਜਿਹੇ ਹਾਲਾਤਾਂ ਵਿਚ ਗ਼ਰੀਬ ਰੋਟੀ ਖਾਣ ਲਈ ਆਚਾਰ ਦਾ ਸਹਾਰਾ ਹੀ ਲੈਂਦਾ ਹੈ। ‘ਅੰਬ ਦਾ ਆਚਾਰ’ ਸਿਰਫ਼ ਸੁਆਦ ਨਹੀਂ, ਸਗੋਂ ਗ਼ਰੀਬ ਦੀ ਮਜਬੂਰੀ ਦਾ ਉਹ ਖ਼ਾਮੋਸ਼ ਸਹਾਰਾ ਹੈ, ਜਿਸ ਨੇ ਨਾ ਜਾਣੇ ਕਿੰਨੇ ਘਰਾਂ ਵਿਚ ਰਾਤ ਦਾ ਖਾਣਾ ਪੂਰਾ ਕਰਵਾਇਆ ਹੋਵੇਗਾ, ਜਿਨ੍ਹਾਂ ਲੋਕਾਂ ਨੇ ਕਦੇ ਤੰਗੀ ਨਹੀਂ ਵੇਖੀ, ਸ਼ਾਇਦ ਉਹ ਇਸ ਦੀ ਅਸਲ ਕੀਮਤ ਕਦੇ ਸਮਝ ਹੀ ਨਾ ਸਕਣ। ਮੌਜੂਦਾ ਸਮੇਂ ਸ਼ਹਿਰ ਦੀਆਂ ਸਬਜ਼ੀ ਵਾਲੀਆਂ ਦੁਕਾਨਾਂ ਅਤੇ ਮੰਡੀਆਂ ਵਿਚ ‘ਅੰਬ’ ਦੇ ਢੇਰ ਅਕਸਰ ਹੀ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿਚ ਆਚਾਰੀ ‘ਅੰਬ’ ਦੀ ਲੋਕਾਂ ਵਲੋਂ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾ ਰਹੀ ਹੈ। ਅੰਬ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਅੰਬ ਖਾਣ ਦੇ ਸ਼ੌਕੀਨ ਆਪਣੀ ਹੈਸੀਅਤ ਦੇ ਮੁਤਾਬਿਕ ਅੰਬ ਖ਼ਰੀਦਦੇ ਰਹਿੰਦੇ ਹਨ, ਪਰ ਗ਼ਰੀਬ ਵਰਗ ਦੇ ਜ਼ਿਆਦਾਤਰ ਲੋਕ ਇਸੇ ਉਡੀਕ ਵਿਚ ਰਹਿੰਦੇ ਹਨ ਕਿ ਬਾਜ਼ਾਰ ਵਿਚ ਆਚਾਰੀ ਅੰਬ ਕਦੋਂ ਆਵੇ ਤੇ ਅਸੀਂ ਆਚਾਰ ਪਾਈਏ ਕਿਉਂਕਿ ਮਹਿੰਗਾਈ ਦੇ ਚੱਲਦਿਆਂ ਗ਼ਰੀਬਾਂ ਲਈ ਚਾਰ ਸਬਜ਼ੀਆਂ ਦਾ ਸੁਆਦ ਇਹ ‘ਅੰਬ’ ਦਾ ਆਚਾਰ ਹੀ ਹੁੰਦਾ ਹੈ। ਸਾਡੇ ਪੁਰਖੇ ਕਹਿੰਦੇ ਸਨ ਕਿ ਗਰਮੀਆਂ ਵਿਚ ਪਾਇਆ ਆਚਾਰ ਸਿਰਫ਼ ਮੌਸਮ ਲਈ ਨਹੀਂ, ਔਖੇ ਵੇਲਿਆਂ ਲਈ ਵੀ ਹੁੰਦਾ ਹੈ। ਸਾਲ ਭਰ ਮਰਤਬਾਨ ਵਿਚ ਸੰਭਾਲ ਕੇ ਰੱਖਿਆ ਇਹ ਆਚਾਰ ਅਸਲ ਵਿਚ ਘਰ ਦੀ ਆਰਥਿਕ ਯੋਜਨਾ ਦਾ ਹਿੱਸਾ ਹੁੰਦਾ ਸੀ, ਪਰ ਹੋਲੇ-ਹੋਲੇ ਇਹ ਰੁਝਾਨ ਹੁਣ ਘਟਦਾ ਜਾ ਰਿਹਾ ਹੈ, ਕਈ ਔਰਤਾਂ ਨੂੰ ਨਾ ਤਾਂ ਆਚਾਰ ਪਾਉਣਾ ਹੀ ਨਹੀਂ ਆਉਂਦਾ ਅਤੇ ਕੁੱਝ ਜਿਹੜੀਆਂ ਪਾਉਂਦੀਆਂ ਨੇ, ਉਨ੍ਹਾਂ ਵਲੋਂ ਪਾਇਆ ਆਚਾਰ ਜਲਦੀ ਖ਼ਰਾਬ ਹੋ ਜਾਂਦਾ ਹੈ, ਜਿਸ ਕਰਕੇ ਲੋਕ ਹੁਣ ਬਣਿਆਂ-ਬਣਾਇਆ ਆਚਾਰ ਖ਼ਰੀਦ ਲੈਂਦੇ ਹਨ। ਅੱਜ ਕੱਲ੍ਹ ਲੁਧਿਆਣਾ ਸ਼ਹਿਰ ਵਿਚ ਆਚਾਰੀ ਅੰਬ 80 ਤੋਂ 100 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਿਸ ਨੂੰ ਦੇਖਦਿਆਂ ਕੁੱਝ ਔਰਤਾਂ ਵਲੋਂ ਆਨਲਾਈਨ ਕਾਰੋਬਾਰ ਕਰਦਿਆਂ ‘ਅੰਬ’ ਦਾ ਆਚਾਰ ਪਾ ਕੇ 325 ਤੋਂ 350 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ । ਇਸ ਸਬ ਦੇ ਬਾਵਜੂਦ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਮੁੱਲ ਖ਼ਰੀਦੇ ਗਏ ਆਚਾਰ ‘ਚ ਪਤਾ ਨਹੀਂ ਹੁੰਦਾ ਕਿ ਸ਼ੁੱਧ ਮਸਾਲੇ ਜਾਂ ਸਰ੍ਹੋਂ ਦਾ ਤੇਲ ਇਸਤੇਮਾਲ ਕੀਤਾ ਵੀ ਗਿਆ ਹੈ ਜਾਂ ਨਹੀਂ, ਜਿਸ ਕਰਕੇ ਜ਼ਿਆਦਾਤਰ ਲੋੜਵੰਦ ਲੋਕ ਖ਼ੁਦ ਹੀ ਅੰਬ ਖ਼ਰੀਦ ਕੇ ਆਚਾਰ ਪਾਉਂਦੇ ਹਨ ਤਾਂ ਜੋ ਆਚਾਰ ਲੰਬੇ ਸਮੇਂ ਤੱਕ ਠੀਕ ਰਹਿ ਸਕੇ ਅਤੇ ਜਦੋਂ ਕਦੇ ਵੀ ਸਬਜ਼ੀ ਨਾ ਹੋਵੇ ਤਾਂ ਆਚਾਰ ਤੇ ਪਿਆਜ਼ ਨਾਲ ਹੀ ਰੋਟੀ ਖਾ ਕੇ ਆਪਣਾ ਸਮਾਂ ਕੱਢ ਲੈਂਦੇ ਹਨ। ਇਸ ਤੋਂ ਇਲਾਵਾ ਦਿਹਾੜੀਦਾਰ ਜਾਂ ਲੇਬਰ ਦਾ ਕੰਮ ਕਰਨ ਵਾਲੇ ਲੋਕ ਦੁਪਹਿਰ ਦੀ ਰੋਟੀ ਲਈ ਆਪਣੇ ਨਾਲ ਆਚਾਰ ਅਤੇ ਪਿਆਜ਼ ਜ਼ਰੂਰ ਲੈ ਕੇ ਜਾਂਦੇ ਹਨ, ਕਿਉਂਕਿ ਕਈਆਂ ਕੋਲ ਸਬਜ਼ੀ ਨਹੀਂ ਹੁੰਦੀ ਤੇ ਕਈ ਤਰੀ ਵਾਲੀ ਸਬਜ਼ੀ ਨਾਲ ਲੈ ਕੇ ਨਹੀਂ ਜਾਂਦੇ, ਜਿਸ ਕਰਕੇ ‘ਅੰਬ’ ਦੇ ਅਚਾਰ ਨੂੰ ਗ਼ਰੀਬ ਦੀ ਥਾਲ਼ੀ ਦਾ ਸ਼ਹਿਨਸ਼ਾਹ ਵੀ ਕਹਿ ਦਈਏ ਤਾਂ ਕੁੱਝ ਗ਼ਲਤ ਨਹੀਂ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦੱਖਣੀ ਵਿਚ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਦਿੱਲੀ ਜਿੱਤ ਦੀ ਖ਼ੁਸ਼ੀ ਬਾਵਾ ਨੇ ਸਾਂਝੀ ਕੀਤੀ ਅਗਲੀ ਖ਼ਬਰ ਬਰਨਾਲਾ ਲਾਠੀਚਾਰਜ ਖ਼ਿਲਾਫ਼ ਸਫ਼ਾਈ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ
Ad Position 24
No active advertisement