ਲੁਧਿਆਣਾ, 28 ਜੁਲਾਈ (ਭੰਬੀ)-ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਕਰੀਬੀ ਦੋਸਤ ਰਾਜ ਕੁਮਾਰ ਰਾਜੂ (ਜੰਤਾ ਨਗਰ) ਦੇ ਸਹੁਰੇ ਟਕਸਾਲੀ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਸਵ: ਚਮਨ ਲਾਲ ਸ਼ਰਮਾ ਦੀ ਅੰਤਿਮ ਅਰਦਾਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਚਮਨ ਲਾਲ ਸ਼ਰਮਾ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼ਰਮਾ ਇਕ ਇਮਾਨਦਾਰ, ਸੂਝਵਾਨ, ਮਿਲਾਪੜੇ ਅਤੇ ਹਮੇਸ਼ਾ ਹਰ ਲੋੜਵੰਦ ਦੇ ਸੁਖ-ਦੁੱਖ ਵਿਚ ਵੱਧ-ਚੜ੍ਹ ਕੇ ਕੰਮ ਆਉਣ ਵਾਲੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਅਸਹਿ ਘਾਟਾ ਪਿਆ ਹੈ, ਉੱਥੇ ਹੀ ਕਾਂਗਰਸ ਪਾਰਟੀ ਅਤੇ ਇਲਾਕੇ ਨੇ ਇਕ ਮਿਹਨਤੀ ਆਗੂ ਗੁਆ ਦਿੱਤਾ ਹੈ, ਜਿਸ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।