ਖੇਤੀਬਾੜੀ ਇੰਜੀਨੀਅਰਿੰਗ ਲਈ ਵੱਖਰਾ ਡਾਇਰੈਕਟੋਰੇਟ ਬਣਾਉਣ ਦੀ ਮੰਗ ਤੇਜ਼ , ਕੇਂਦਰੀ ਖੇਤੀਬਾੜੀ ਮੰਤਰੀ ਕੋਲ ਉਠਾਇਆ ਮੁੱਦਾ
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਵਿਚ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਮਸ਼ੀਨੀਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪੀ. ਐਸ.
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਵਿਚ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਮਸ਼ੀਨੀਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪੀ.ਐਸ.ਏ. ਆਈ. ਐਮ. ਏ. ਅਤੇ ਏ.ਐਮ. ਐਮ. ਏ. ਇੰਡੀਆ ਦੇ ਸਾਂਝੇ ਵਫ਼ਦ ਵਲੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਲ ਖੇਤੀਬਾੜੀ ਇੰਜੀਨੀਅਰਿੰਗ ਦਾ ਵੱਖਰਾ ਡਾਇਰੈਕਟੋਰੇਟ ਸਥਾਪਤ ਕਰਨ ਦੀ ਅਹਿਮ ਮੰਗ ਰੱਖੀ ਗਈ। ਇਸ ਮੌਕੇ ਪੰਜਾਬ ਸਟੇਟ ਐਗਰੀਕਲਚਰਲ ਇੰਪਲੀਮੈਂਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਆਦਵਿੰਦਰ ਸਿੰਘ ਅਮਰ, ਪਾਲਿਟੀਕਲ ਸਕੱਤਰ ਜਗਤਜੀਤ ਸਿੰਘ ਪਾਸੀ, ਜਨਰਲ ਸਕੱਤਰ ਸੁਖਤੇਜ ਸਿੰਘ ਅਤੇ ਏ.ਐਮ. ਐਮ. ਏ. ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਸਰਬਜੀਤ ਸਿੰਘ ਪਨੇਸਰ ਮੌਜੂਦ ਸਨ। ਵਫ਼ਦ ਨੇ ਕਿਹਾ ਕਿ ਖੇਤੀਬਾੜੀ ਇੰਜੀਨੀਅਰਿੰਗ ਨੂੰ ਇਕ ਵੱਖਰੇ ਪ੍ਰਸ਼ਾਸਨਿਕ ਅਤੇ ਤਕਨੀਕੀ ਢਾਂਚੇ ਅਧੀਨ ਲਿਆਉਣਾ ਸਮੇਂ ਦੀ ਲੋੜ ਹੈ। ਇਸ ਨਾਲ ਕਿਸਾਨਾਂ, ਖੇਤੀ ਮਸ਼ੀਨਰੀ ਨਿਰਮਾਤਾਵਾਂ, ਖੋਜ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਵਿਚਕਾਰ ਸਿੱਧਾ ਅਤੇ ਪ੍ਰਭਾਵਸ਼ਾਲੀ ਤਾਲਮੇਲ ਬਣ ਸਕੇਗਾ। ਹਰ ਫ਼ਸਲ ਦੀ ਬਿਜਾਈ, ਸਾਂਭ-ਸੰਭਾਲ ਅਤੇ ਕਟਾਈ ਲਈ ਵੱਖਰੀ ਤਕਨੀਕ ਅਤੇ ਮਸ਼ੀਨਰੀ ਦੀ ਲੋੜ ਹੁੰਦੀ ਹੈ। ਜੇਕਰ ਖੇਤੀਬਾੜੀ ਇੰਜੀਨੀਅਰਿੰਗ ਨੂੰ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਦਾ ਅਹਿਮ ਹਿੱਸਾ ਬਣਾਇਆ ਜਾਂਦਾ ਹੈ ਤਾਂ ਸਥਾਨਕ ਉਦਯੋਗ ਦੀ ਮਦਦ ਨਾਲ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਨਵੇਂ ਖੇਤੀ ਸੰਦ ਵਿਕਸਿਤ ਕੀਤੇ ਜਾ ਸਕਦੇ ਹਨ। ਵਫ਼ਦ ਨੇ ਆਸ ਪ੍ਰਗਟਾਈ ਕਿ ਕੇਂਦਰੀ ਖੇਤੀਬਾੜੀ ਮੰਤਰੀ ਇਸ ਮਹੱਤਵਪੂਰਨ ਸੁਝਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀਬਾੜੀ ਇੰਜੀਨੀਅਰਿੰਗ ਦਾ ਵੱਖਰਾ ਡਾਇਰੈਕਟੋਰੇਟ ਸਥਾਪਤ ਕਰਨ ਅਤੇ ਫ਼ਸਲੀ ਵਿਭਿੰਨਤਾ ਵਿਚ ਖੇਤੀ ਮਸ਼ੀਨੀਕਰਨ ਦੀ ਭੂਮਿਕਾ ਵਧਾਉਣ ਲਈ ਢੁਕਵੀਂ ਕਾਰਵਾਈ ਕਰਨਗੇ।