ਡਾ . ਕਮਲਦੀਪ ਸਿੰਘ ਸਾਂਘਾ ਨੇ ਪੀ . ਏ . ਯੂ . ਦੇ ਅਪਰ ਨਿਰਦੇਸ਼ਕ ਸੰਚਾਰ ਦੀ ਜ਼ਿੰਮੇਵਾਰੀ ਸੰਭਾਲੀ
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੀ. ਏ.
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਸੰਚਾਰ ਕੇਂਦਰ ਵਿਖੇ ਅਪਰ ਨਿਰਦੇਸ਼ਕ ਸੰਚਾਰ ਦੀ ਜ਼ਿੰਮੇਵਾਰੀ ਉੱਘੇ ਕੀਟ ਵਿਗਿਆਨੀ ਡਾ. ਕਮਲਦੀਪ ਸਿੰਘ ਸਾਂਘਾ ਨੂੰ ਸੌਂਪੀ ਹੈ। ਡਾ. ਸਾਂਘਾ ਬੀਤੇ ਤਿੰਨ ਦਹਾਕਿਆਂ ਤੋਂ ਪੀ. ਏ. ਯੂ. ਦਾ ਹਿੱਸਾ ਹਨ ਤੇ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕੀਟਾਂ ਦੀ ਜੈਵਿਕ ਰੋਕਥਾਮ ਲਈ ਬੜਾ ਉਘਾ ਕਾਰਜ ਕੀਤਾ ਹੈ। ਵਾਤਾਵਰਨ ਦੀ ਸੰਭਾਲ ਅਤੇ ਖੇਤੀ ਸਥਿਰਤਾ ਦੇ ਨਾਲ-ਨਾਲ ਖੇਤੀ ਵਿਚ ਰਸਾਇਣਾਂ ਦੀ ਵਰਤੋਂ ਘਟਾਉਣ ਪੱਖੋਂ ਡਾ. ਸਾਂਘਾ ਦਾ ਕਾਰਜ ਬੇਹੱਦ ਮੁੱਲਵਾਨ ਹੈ। ਵਾਈਸ ਚਾਂਸਲਰ ਡਾ. ਧਾਲੀਵਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਡਾ. ਕਮਲਦੀਪ ਸਿੰਘ ਸਾਂਘਾ ਬੇਹੱਦ ਯੋਗ ਅਤੇ ਚਿੰਤਨਭਾਵੀ ਵਿਗਿਆਨੀ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਪੀ. ਏ. ਯੂ. ਦਾ ਲੋਕ ਸੰਪਰਕ ਪੱਖ ਹੋਰ ਮਜ਼ਬੂਤ ਅਤੇ ਸੰਚਾਰੀ ਹੋ ਸਕੇਗਾ। ਡਾ. ਸਾਂਘਾ ਨੇ ਕਿਹਾ ਕਿ ਪੀ.ਏ.ਯੂ. ਨੇ ਪਸਾਰ ਅਤੇ ਕਿਸਾਨਾਂ ਤਕ ਤਕਨੀਕਾਂ ਪੁਚਾਉਣ ਦੇ ਮਾਮਲੇ ਵਿਚ ਬੜਾ ਅਹਿਮ ਕਾਰਜ ਕੀਤਾ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਪ੍ਰੈੱਸ ਤੇ ਮੀਡੀਆ ਦੇ ਸਹਿਯੋਗ ਦੀ ਤਵੱਕੋ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਦੇ ਕਿਸਾਨੀ ਸਮਾਜ ਦੀ ਬਿਹਤਰੀ ਤੇ ਯੂਨੀਵਰਸਿਟੀ ਦੀਆਂ ਖੋਜਾਂ ਆਮ ਲੋਕਾਂ ਤਕ ਪੁਚਾਉਣ ਲਈ ਰਲ਼ ਮਿਲ ਕੇ ਯਤਨ ਅੰਜਾਮ ਦਿੱਤੇ ਜਾਣਗੇ। ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਤੇਜਿੰਦਰ ਸਿੰਘ ਰਿਆੜ, ਡੀਨ ਬਾਗ਼ਬਾਨੀ ਕਾਲਜ ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਅਧਿਆਪਕ ਜਥੇਬੰਦੀ ਦੇ ਆਗੂ ਡਾ. ਹਰਮੀਤ ਸਿੰਘ ਕਿੰਗਰਾ ਤੇ ਹੋਰ ਅਧਿਆਪਕ ਵੀ ਮੌਜੂਦ ਸਨ।