ਐੱਸ. ਏ. ਐੱਸ. ਨਗਰ, 25 ਜਨਵਰੀ (ਕਪਿਲ ਵਧਵਾ)-77ਵੇਂ ਗਣਤੰਤਰ ਦਿਵਸ ਨੂੰ ਧਿਆਨ 'ਚ ਰੱਖਦਿਆਂ ਮੁਹਾਲੀ ਪੁਲਿਸ ਅਲਰਟ ਮੋਡ 'ਤੇ ਹੈ | ਜਨਤਕ ਸੁਰੱਖਿਆ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਥਾਨਕ ਥਾਣਾ ਫੇਜ਼-11 ਦੀ ਪੁਲਿਸ ਵਲੋਂ ਇਲਾਕੇ 'ਚ ਫਲੈਗ ਮਾਰਚ ਕੱਢਿਆ ਗਿਆ | ਇਹ ਫਲੈਗ ਮਾਰਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਅਮਨ ਬੈਦਵਾਣ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ | ਫਲੈਗ ਮਾਰਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਸੰਵੇਦਨਸ਼ੀਲ ਖੇਤਰਾਂ 'ਚ ਪੈਦਲ ਗਸ਼ਤ ਕਰਕੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਵਾਇਆ | ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੀ ਪਛਾਣ 'ਪਾਇਸ ਐਪ' ਰਾਹੀਂ ਚਿਹਰਾ ਸਕੈਨ ਕਰਕੇ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਪਹਿਲਾਂ ਤੋਂ ਦਰਜ ਕਿਸੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ | ਫਲੈਗ ਮਾਰਚ ਦੌਰਾਨ ਪੁਲਿਸ ਵਲੋਂ ਕਾਲੋਨੀਆਂ ਅਤੇ ਬਸਤੀਆਂ 'ਚ ਵਿਸ਼ੇਸ਼ ਤੌਰ 'ਤੇ ਨਜ਼ਰ ਬਣਾਈ ਰੱਖੀ ਗਈ ਅਤੇ ਹਰ ਸ਼ੱਕੀ ਗਤੀਵਿਧੀ 'ਤੇ ਕੜੀ ਨਿਗਰਾਨੀ ਕੀਤੀ ਗਈ | ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਚੈਕਿੰਗ ਅਭਿਆਨ, ਫਲੈਗ ਮਾਰਚ ਅਤੇ ਨਾਕਾਬੰਦੀ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸ਼ਹਿਰ 'ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ ਅਤੇ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕਣ |