ਗੁਰੂ ਰਵਿਦਾਸ ਜੀ ਨੇ ਅਧਿਆਤਮਿਕ ਕ੍ਰਾਂਤੀ ਰਾਹੀਂ ਰੂੜ੍ਹੀਵਾਦ ਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ ਸਾਧਵੀ ਸੰਯੋਗਿਤਾ
'ਦਿਵਯ ਜਯੋਤੀ ਜਾਗਿ੍ਤੀ ਸੰਸਥਾਨ' ਵਲੋਂ ਚੰਡੀਗੜ੍ਹ ਵਿਖੇ ਕਰਵਾਏ ਮਾਸਿਕ ਸਤਿਸੰਗ ਸਮਾਗਮ ਦੌਰਾਨ ਪ੍ਰਵਚਨ ਕਰਦੀ ਸਾਧਵੀ ਸੰਯੋਗਿਤਾ | ਤਸਵੀਰ : ਕਮਲਜੀਤ ਸਿੰਘ
<br/>
03-02-2026
ਚੰਡੀਗੜ੍ਹ, 2 ਫਰਵਰੀ (ਪ੍ਰੋ. ਅਵਤਾਰ ਸਿੰਘ)ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਚੰਡੀਗੜ੍ਹ ਦੇ ਸੈਕਟਰ 37 ਸਥਿਤ ਭਗਵਾਨ ਪਰਸ਼ੂਰਾਮ ਭਵਨ 'ਚ ਇਕ ਵਿਸ਼ੇਸ਼ ਸਤਿਸੰਗ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਗੁਰੂ ਰਵਿਦਾਸ ਜੀ ਦੀ ਸਮਾਨਤਾ, ਭਗਤੀ ਅਤੇ ਮਨੁੱਖਤਾ ਦੀ ਸੋਚ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਸਮਾਗਮ ਦੌਰਾਨ ਸਾਧਵੀ ਸੰਯੋਗਿਤਾ ਭਾਰਤੀ ਨੇ ਆਪਣੇ ਉਪਦੇਸ਼ਾਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਸਮਾਨਤਾ, ਪ੍ਰੇਮ ਅਤੇ ਪ੍ਰਭੂ ਭਗਤੀ ਦਾ ਅਮੂਲਕ ਸੰਦੇਸ਼ ਹੈ | ਸਾਧਵੀ ਸੰਯੋਗਿਤਾ ਨੇ ਕਿਹਾ ਕਿ ਸੁੱਤੀਆਂ ਹੋਈਆਂ ਰੂਹਾਂ ਨੂੰ ਜਗਾਉਣ ਲਈ ਸਮੇਂ-ਸਮੇਂ 'ਤੇ ਯੁੱਗ ਪੁਰਸ਼ ਧਰਤੀ 'ਤੇ ਅਵਤਾਰ ਲੈਂਦੇ ਹਨ, ਜੋ ਸਮਾਜ 'ਚ ਪ੍ਰਕਾਸ਼, ਨਵੀਂ ਚੇਤਨਾ ਅਤੇ ਨਵ-ਸਿਰਜਣ ਦਾ ਸੰਚਾਰ ਕਰਦੇ ਹਨ | ਗੁਰੂ ਰਵਿਦਾਸ ਜੀ ਵੀ ਅਜਿਹੇ ਹੀ ਮਹਾਨ ਸੰਤ ਸਨ, ਜਿਨ੍ਹਾਂ ਨੇ ਅਧਿਆਤਮਿਕ ਕ੍ਰਾਂਤੀ ਰਾਹੀਂ ਰੂੜ੍ਹੀਵਾਦ ਅਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ | ਸਾਧਵੀ ਸੰਯੋਗਿਤਾ ਭਾਰਤੀ ਨੇ ਅਧਿਆਤਮਿਕ ਅਨੁਭਵ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਤਾਂ ਅਤੇ ਧਾਰਮਿਕ ਗ੍ਰੰਥਾਂ ਅਨੁਸਾਰ ਤਿ੍ਕੁਟੀ ਦੇ ਪਿੱਛੇ ਇੱਕ ਅਨੰਤ ਅਲੌਕਿਕ ਲੋਕ ਹੈ, ਜਿਸ ਵਿਚ ਸਾਰਾ ਬ੍ਰਹਿਮੰਡ ਅਤੇ ਉਸ ਦਾ ਰਚਨਹਾਰ ਸਮਾਇਆ ਹੋਇਆ ਹੈ | ਇਸ ਦਿਵਯ ਲੋਕ 'ਚ ਪ੍ਰਵੇਸ਼ ਕਰਨ ਲਈ ਪੂਰਨ ਗੁਰੂ ਦੀ ਸ਼ਰਨ ਲੈਣੀ ਬਹੁਤ ਜ਼ਰੂਰੀ ਹੈ | ਮੌਜੂਦਾ ਸਮਾਜਿਕ ਹਾਲਾਤਾਂ 'ਤੇ ਚਿੰਤਾ ਜਤਾਉਂਦਿਆਂ ਸਾਧਵੀ ਨੇ ਕਿਹਾ ਕਿ ਅੱਜ ਰਿਸ਼ਤਿਆਂ ਦੀ ਪਵਿੱਤਰਤਾ ਘਟਦੀ ਜਾ ਰਹੀ ਹੈ ਅਤੇ ਮਨੁੱਖ ਅੰਦਰ ਨਕਾਰਾਤਮਕ ਪ੍ਰਵਿਰਤੀਆਂ ਵਧ ਰਹੀਆਂ ਹਨ | ਗੁਰੂ ਦੀ ਕਿਰਪਾ ਨਾਲ ਜਦੋਂ ਅੰਦਰ ਪ੍ਰਕਾਸ਼, ਨਾਦ, ਸਿਮਰਨ ਅਤੇ ਅੰਮਿ੍ਤ ਦਾ ਅਨੁਭਵ ਹੁੰਦਾ ਹੈ, ਤਦ ਹੀ ਸੱਚੀ ਸ਼ਾਂਤੀ ਪ੍ਰਾਪਤ ਹੁੰਦੀ ਹੈ | ਸੰਤ ਮਹਾਪੁਰਸ਼ ਇਨ੍ਹਾਂ ਚਾਰ ਦਿਵਯ ਤੱਤਾਂ ਦਾ ਗਿਆਨ ਦਿੰਦੇ ਹਨ, ਜਿਨ੍ਹਾਂ ਦਾ ਜ਼ਿਕਰ ਸਾਰੇ ਧਾਰਮਿਕ ਗ੍ਰੰਥਾਂ ਵਿਚ ਮਿਲਦਾ ਹੈ | ਉਨ੍ਹਾਂ ਕਿਹਾ ਕਿ ਹੰਕਾਰ ਰਹਿਤ ਅਤੇ ਨਿਮਰਤਾ ਨਾਲ ਭਰਪੂਰ ਵਿਅਕਤੀ ਹੀ ਰੱਬੀ ਪ੍ਰੇਮ ਦਾ ਅਨੁਭਵ ਕਰ ਸਕਦਾ ਹੈ | ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਭਗਤੀ, ਮਨੁੱਖਤਾ ਅਤੇ ਸਮਾਜਿਕ ਭਲੇ ਦੀ ਭਾਵਨਾ ਨਾਲ ਭਰਪੂਰ ਹੈ ਅਤੇ ਅੱਜ ਦੇ ਸਮੇਂ 'ਚ ਵੀ ਉਨ੍ਹਾਂ ਦੇ ਉਪਦੇਸ਼ ਉੱਨੇ ਹੀ ਪ੍ਰਸੰਗਿਕ ਹਨ |