ਪੰਚਕੂਲਾ, 2 ਫਰਵਰੀ (ਕਪਿਲ)-ਪੰਚਕੂਲਾ ਪੁਲਿਸ ਦੇ ਡਿਟੈਕਟਿਵ ਸਟਾਫ਼ ਦੀ ਟੀਮ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ ਨਾਜਾਇਜ਼ ਅੰਗਰੇਜ਼ੀ ਸ਼ਰਾਬ ਤੇ ਰੰਮ ਦੀਆਂ 13 ਪੇਟੀਆਂ ਸਮੇਤ ਇਕ ਬਲੈਰੋ ਗੱਡੀ ਜ਼ਬਤ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਡਿਟੈਕਟਿਵ ਸਟਾਫ਼ ਪੰਚਕੂਲਾ ਦੀ ਟੀਮ ਦੇ ਏ. ਐੱਸ. ਆਈ. ਗੋਪਾਲ ਅਤੇ ਏ. ਐੱਸ. ਆਈ. ਮਹੀਪਾਲ ਦੀ ਅਗਵਾਈ ਹੇਠ ਪੁਲਿਸ ਵਲੋਂ ਮਾਜਰੀ ਚੌਕ ਖੇਤਰ 'ਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜਗਦੀਸ਼ ਚੰਦ ਅਤੇ ਰਮੇਸ਼ ਕੁਮਾਰ ਵਾਸੀ ਸ਼ਿਮਾਲ (ਹਿਮਾਚਲ ਪ੍ਰਦੇਸ਼) ਚੰਡੀਗੜ੍ਹ ਤੋਂ ਸਸਤੇ ਭਾਅ 'ਤੇ ਨਾਜਾਇਜ਼ ਸ਼ਰਾਬ ਲਿਆ ਕੇ ਹਿਮਾਚਲ ਪ੍ਰਦੇਸ਼ 'ਚ ਮਹਿੰਗੇ ਭਾਅ 'ਤੇ ਵੇਚਦੇ ਹਨ ਅਤੇ ਇਸ ਸਮੇਂ ਉਹ ਸੈਕਟਰ-21 ਪੰਚਕੂਲਾ 'ਚ ਆਪਣੀ ਬਲੈਰੋ ਗੱਡੀ 'ਚ ਨਾਜਾਇਜ਼ ਸ਼ਰਾਬ ਲੈ ਕੇ ਖੜ੍ਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬਲੈਰੋ ਗੱਡੀ 'ਚ ਬੈਠੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ | ਇਸ ਤੋਂ ਬਾਅਦ ਜਦੋਂ ਬਲੈਰੋ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਓਲਡ ਮੌਂਕ ਰੰਮ ਦੀਆਂ 8 ਪੇਟੀਆਂ ਅਤੇ ਰਾਇਲ ਸਟੈਗ ਅੰਗਰੇਜ਼ੀ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਹੋਈਆਂ | ਦੋਵੇਂ ਮੁਲਜ਼ਮ ਮੌਕੇ 'ਤੇ ਸ਼ਰਾਬ ਸੰਬੰਧੀ ਕੋਈ ਲਾਇਸੰਸ ਜਾਂ ਪਰਮਿਟ ਆਦਿ ਨਹੀਂ ਪੇਸ਼ ਕਰ ਸਕੇ | ਇਸ ਤੋਂ ਬਾਅਦ ਪੁਲਿਸ ਨੇ ਥਾਣਾ ਸੈਕਟਰ-20 ਪੰਚਕੂਲਾ ਵਿਖੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਜਗਦੀਸ਼ ਚੰਦ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ, ਜਦਕਿ ਮੁਲਜ਼ਮ ਰਮੇਸ਼ ਕੁਮਾਰ ਨੂੰ ਮਾਣਯੋਗ ਅਦਾਲਤ ਵਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |