ਖਰੜ, 2 ਫਰਵਰੀ (ਜੰਡਪੁਰੀ)-ਮੁਹਾਲੀ ਏਅਰਪੋਰਟ ਤੋਂ ਪਿੰਡ ਦੈੜੀ ਤੋਂ ਕੁਰਾਲੀ ਲਈ ਬਣਾਈ ਗਈ ਭਾਰਤ ਮਾਲਾ ਰੋਡ ਐੱਨ. ਐੱਚ. ਏ. 205-ਏ 'ਤੇ ਪਿੰਡ 'ਚ ਬਜਹੇੜੀ ਲਾਗੇ ਬਣਾਇਆ ਗਿਆ ਬੂਥ ਲੈਸ ਟੋਲ ਪਲਾਜਾ ਸ਼ੁਰੂ ਹੋ ਗਿਆ ਹੈ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਰੋਡ ਏਅਰਪੋਰਟ ਤੋਂ ਲੈ ਕੇ ਕੁਰਾਲੀ ਤੱਕ 31 ਕਿੱਲੋਮੀਟਰ 'ਚ ਬਣਾਇਆ ਗਿਆ ਹੈ | ਚਾਲੂ ਕੀਤੇ ਗਏ ਟੋਲ ਪਲਾਜੇ 'ਚ ਆਉਣ-ਜਾਣ ਲਈ 16 ਲਾਈਨਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚੋਂ 14 ਲਾਈਨਾਂ ਫਾਸਟ ਟੈਗ ਵਾਲੇ ਵਾਹਨਾਂ ਲਈ ਹਨ, ਜਦਕਿ ਦੋ ਬੂਥ ਬਿਨਾਂ ਫਾਸਟ ਟੈਗ ਵਾਲੇ ਵਾਹਨਾਂ ਲਈ ਸਥਾਪਿਤ ਕੀਤੇ ਗਏ ਹਨ | ਇਥੇ 14 ਲਾਈਨਾਂ ਬੂਥ ਲੈੱਸ ਹਨ | ਜਦੋਂ ਮੌਕੇ 'ਤੇ ਜਾ ਕੇ ਦੇਖਿਆ ਗਿਆ ਕਿ ਜਿਨ੍ਹਾਂ ਵਾਹਨਾਂ 'ਤੇ ਫਾਸਟ ਟੈਗ ਨਹੀਂ ਲੱਗੇ, ਉਨ੍ਹਾਂ ਦੇ ਚਾਲਕਾਂ ਵਲੋਂ ਆਪਣੀਆਂ ਗੱਡੀਆਂ ਨੂੰ ਵਾਪਸ ਮੋੜ ਕੇ ਦੋ ਵੱਖਰੇ ਬੂਥਾਂ ਰਾਹੀਂ ਟੋਲ ਪਲਾਜਾ ਅਦਾ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ | ਇਸ ਦੇ ਚਲਦਿਆਂ ਬਿਨਾਂ ਫਾਸਟ ਟੈਗ ਵਾਲੇ ਵਾਹਨ ਚਾਲਕ ਟੋਲ ਪਲਾਜ਼ਾ' ਤੇ ਉਲਝਦੇ ਦੇਖੇ ਗਏ | ਦੱਸਣਯੋਗ ਹੈ ਕਿ ਇਸ ਰੋਡ ਦੇ ਸ਼ੁਰੂ ਹੋਣ ਨਾਲ ਖਰੜ ਦੀ ਟ੍ਰੈਫ਼ਿਕ ਜਾਮ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ ਕਿਉਂਕਿ ਪਹਿਲਾਂ ਜਲੰਧਰ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਆਦਿ ਤੋਂ ਜਿਨ੍ਹਾਂ ਵਾਹਨ ਚਾਲਕਾਂ ਨੇ ਅੰਬਾਲਾ, ਮੁਹਾਲੀ ਤੇ ਦਿੱਲੀ ਵਿਖੇ ਜਾਣਾ ਹੁੰਦਾ ਸੀ, ਉਹ ਖਰੜ ਸ਼ਹਿਰ ਦੀਆਂ ਸੜਕਾਂ ਤੋਂ ਹੋ ਕੇ ਲੰਘਦੇ ਸਨ, ਜਿਸ ਕਰਕੇ ਖਰੜ 'ਚ ਅਕਸਰ ਟ੍ਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਸੀ, ਪਰ ਹੁਣ ਇਸ ਮਾਰਗ ਦੇ ਸ਼ੁਰੂ ਹੋਣ ਨਾਲ ਖਰੜ ਦੀਆਂ ਸੜਕਾਂ ਤੋਂ ਆਵਾਜਾਈ ਦਾ ਭਾਰ ਘਟੇਗਾ |