ਐਸ. ਏ. ਐਸ. ਨਗਰ, 26 ਫ਼ਰਵਰੀ (ਕਪਿਲ ਵਧਵਾ)-ਪੰਜਾਬ ਵਿਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ | ਏ. ਐੱਨ. ਟੀ.ਐੱਫ. ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਹਰਵਿੰਦਰ ਸਿੰਘ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ | ਮੁਲਜ਼ਮ ਉਨ੍ਹਾਂ ਨੂੰ ਬੇਹੋਸ਼ ਸਮਝ ਕੇ ਗੱਡੀ ਤੋਂ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ | ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਦੀਪ, ਸੰਜੂ, ਬਲਵਿੰਦਰ ਉਰਫ਼ ਬਿੱਲਾ, ਰਮਨੀਤ ਅਤੇ ਜਗਦੀਪ ਉਰਫ਼ ਜੱਗੀ ਵਜੋਂ ਹੋਈ ਹੈ | ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 109 (ਕਤਲ ਦੀ ਕੋਸ਼ਿਸ਼), 140(1) (ਕਤਲ ਲਈ ਅਗਵਾ), 115(2) (ਚੋਟ ਪਹੁੰਚਾਉਣਾ), 191(3) (ਹਥਿਆਰਬੰਦ ਦੰਗਾ) ਅਤੇ 190 (ਗੈਰਕਾਨੂੰਨੀ ਇਕੱਠ) ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਜਦੋਂ ਅਦਾਲਤ ਵਿਖੇ ਪੇਸ਼ ਕੀਤਾ ਗਿਆ ਤਾਂ ਪੁਲਿਸ ਰਿਮਾਂਡ ਦੀ ਮੰਗ ਨੂੰ ਇਲਾਕਾ ਮੈਜਿਸਟਰੇਟ ਵਲੋਂ ਇਨ੍ਹਾਂ ਨੌਜਵਾਨਾਂ ਦੀ ਮੈਡੀਕਲ ਹਾਲਤ ਦਾ ਹਵਾਲਾ ਦਿੰਦਿਆ ਖਾਰਜ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਇਹ ਘਟਨਾ 24-25 ਫ਼ਰਵਰੀ ਦੀ ਦਰਮਿਆਨੀ ਰਾਤ ਵਾਪਰੀ | ਏ. ਐੱਸ. ਆਈ. ਹਰਵਿੰਦਰ ਸਿੰਘ ਉਸ ਸਮੇਂ ਖਾਣਾ ਲੈਣ ਲਈ ਬਾਹਰ ਗਏ ਹੋਏ ਸਨ | ਇਸ ਦੌਰਾਨ ਇਕ ਸਵਿਫਟ ਡਿਜ਼ਾਇਰ ਕਾਰ ਉਨ੍ਹਾਂ ਦੇ ਕੋਲ ਆ ਕੇ ਰੁਕੀ | ਕਾਰ ਸਵਾਰਾਂ ਨੇ ਹਵਾਈ ਅੱਡੇ ਦਾ ਰਸਤਾ ਪੁੱਛਿਆ, ਜਿਵੇਂ ਹੀ ਉਹ ਕਾਰ ਦੇ ਨੇੜੇ ਪਹੁੰਚੇ, ਉਨ੍ਹਾਂ ਨੂੰ ਜਬਰਦਸਤੀ ਅੰਦਰ ਖਿੱਚ ਲਿਆ ਗਿਆ | ਕਾਰ ਵਿਚ ਬੈਠੇ ਵਿਅਕਤੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਧਮਕੀ ਦਿੱਤੀ ਕਿ 'ਚਿੱਟੇ' ਦੇ ਮਾਮਲਿਆਂ ਵਿਚ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ | ਰਾਹਗੀਰਾਂ ਨੇ ਜ਼ਖ਼ਮੀ ਹਾਲਤ ਵਿਚ ਦੇਖ ਕੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ | ਮੈਡੀਕਲ ਰਿਪੋਰਟ ਅਨੁਸਾਰ ਉਨ੍ਹਾਂ ਦੇ ਸਰੀਰ 'ਤੇ ਤਿੰਨ ਖੁੰਡੀਆਂ ਸੱਟਾਂ ਪਾਈਆਂ ਗਈਆਂ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ | ਨਵੇਂ ਸਾਲ ਵਿਚ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ |