ਡੇਰਾਬੱਸੀ, 26 ਫਰਵਰੀ (ਗੁਰਮੀਤ ਸਿੰਘ)-'ਆਪ' ਸਰਕਾਰ ਵਲੋਂ ਸੂਬੇ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਅਪਣਾਈ ਗਈ 'ਜ਼ੀਰੋ ਟੋਲਰੈਂਸ' ਨੀਤੀ ਦੀਆਂ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਹਲਕਾ ਡੇਰਾਬੱਸੀ ਵਿਖੇ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਡੇਰਾਬੱਸੀ ਦੇ ਪਿੰਡ ਕਕਰਲੀ ਨੇੜੇ ਵਗਦੇ ਘੱਗਰ 'ਚ ਰੋਜ਼ਾਨਾ ਰਾਤ ਸਮੇਂ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ 'ਚ ਵਿਭਾਗ ਤੇ ਪ੍ਰਸ਼ਾਸਨ ਫੇਲ੍ਹ ਨਜ਼ਰ ਆ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਰਾਤ ਦੇ 12 ਵਜੇ ਤੋਂ ਬਾਅਦ ਦਰਜਨਾਂ ਟਰੈਕਟਰ-ਟਰਾਲੀਆਂ ਲੈ ਕੇ ਘੱਗਰ 'ਚ ਉਤਰ ਜਾਂਦਾ ਹੈ ਅਤੇ ਸਵੇਰੇ 5 ਵਜੇ ਤੱਕ ਰੇਤ ਤੇ ਗਰੈਵਲ ਚੋਰੀ ਕਰਨ ਦੀ ਖੇਡ ਜਾਰੀ ਰਹਿੰਦੀ ਹੈ | ਨਾਂਅ ਨਾ ਛਾਪਣ ਦੀ ਸ਼ਰਤ 'ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਾਈਨਿੰਗ ਮਾਫ਼ੀਆ ਟਰੈਕਟਰਾਂ ਦੀ ਸਹਾਇਤਾ ਨਾਲ ਬਣਾਈਆਂ ਜੁਗਾੜੂ ਜੇ. ਸੀ. ਬੀ. ਮਸ਼ੀਨਾਂ ਨਾਲ ਚਲਦੇ ਪਾਣੀ 'ਚੋਂ ਰੇਤ ਚੋਰੀ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦਰਜਨਾਂ ਲੋਕਾਂ ਨੇ ਆਪਣੇ ਟਰੈਕਟਰਾਂ ਅੱਗੇ ਜੇ. ਸੀ. ਬੀ. ਮਸ਼ੀਨ ਵਾਲਾ ਪੰਜਾ ਲਗਵਾ ਕੇ ਟਰੈਕਟਰ ਮੋਡੀਫਾਈ ਕਰਵਾ ਲਏ ਹਨ, ਜਿਨ੍ਹਾਂ ਨੂੰ ਰੇਤ ਚੋਰੀ ਕਰਨ ਲਈ ਵਰਤਿਆ ਜਾਂਦਾ ਹੈ | ਇਨ੍ਹਾਂ ਜੁਗਾੜੂ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਕਰੀਬ 4 ਤੋਂ 5 ਘੰਟਿਆਂ 'ਚ ਹੀ ਸੈਂਕੜੇ ਟਰਾਲੀਆਂ ਰੇਤ ਅਤੇ ਗਰੈਵਲ ਕੱਢ ਕੇ ਸਰਕਾਰ ਨੂੰ ਲੱਖਾਂ ਰੁ. ਦਾ ਚੂਨਾ ਲਗਾਇਆ ਜਾਂਦਾ ਹੈ | ਕੁਝ ਟਰੈਕਟਰ-ਟਰਾਲੀਆਂ ਰਾਹੀਂ ਰੇਤ ਨਾਲ ਲੱਗਦੇ ਕਰੈਸ਼ਰਾਂ 'ਤੇ ਸੁੱਟ ਦਿੱਤਾ ਜਾਂਦਾ ਹੈ, ਜਦਕਿ ਕੁਝ ਲੋਕ ਘੱਗਰ ਦੇ ਨਾਲ ਖਾਲੀ ਥਾਂ 'ਤੇ ਰੇਤ ਦੇ ਢੇਰ ਲਗਾ ਦਿੰਦੇ ਹਨ ਅਤੇ ਸਵੇਰੇ ਟਿੱਪਰਾਂ ਦੀ ਮਦਦ ਨਾਲ ਇਸ ਰੇਤ ਨੂੰ ਚੁੱਕਿਆ ਜਾਂਦਾ ਹੈ | ਲੋਕਾਂ ਨੇ ਦੱਸਿਆ ਕਿ ਇਹ ਸਿਲਸਿਲਾ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਬਾਦਸਤੂਰ ਚਲਦਾ ਆ ਰਿਹਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ 'ਚ ਵੀ ਇਹੀ ਹਾਲ ਹੈ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੀਆਂ ਗਲੀਆਂ 'ਚੋਂ ਤੇਜ਼ ਰਫ਼ਤਾਰ ਨਿਕਲਦੇ ਟਰੈਕਟਰ-ਟਰਾਲੀਆਂ ਦੇ ਸ਼ੋਰ ਕਰਕੇ ਨੀਂਦ ਵੀ ਹਰਾਮ ਹੋ ਜਾਂਦੀ ਹੈ | ਪਿੰਡ ਕਕਰਾਲੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰਾਤ ਸਮੇਂ ਘੱਗਰ 'ਚੋਂ ਰੇਤ ਚੋਰੀ ਕਰਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਦਾ ਸ਼ੋਰ ਪਿੰਡ ਵਾਸੀਆਂ ਨੂੰ ਸੌਂਣ ਨਹੀਂ ਦਿੰਦਾ, ਪਰ ਪਤਾ ਨਹੀਂ ਕਿਉਂ ਇਹ ਸ਼ੋਰ ਮਾਈਨਿੰਗ ਵਿਭਾਗ ਸਮੇਤ ਡੇਰਾਬੱਸੀ ਪ੍ਰਸ਼ਾਸਨ ਨੂੰ ਸੁਣਾਈ ਨਹੀਂ ਦਿੰਦਾ | ਉਧਰ ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਰਮਨਜੋਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ ਸਿਰ ਘੱਗਰ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਮੌਕੇ ਤੋਂ ਕਾਬੂ ਕੀਤੇ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਵੀ ਜਾਣਕਾਰੀ ਹਾਸਿਲ ਕਰਕੇ ਜਲਦ ਹੀ ਦੋਸ਼ੀ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨਗੇ |