ਚੰਡੀਗੜ੍ਹ, 26 ਫਰਵਰੀ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-41 ਸਥਿਤ ਬੁਟੇਰਲਾ ਪਿੰਡ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਦਿਓਰ ਅਤੇ ਭਰਜਾਈ ਦੀਆਂ ਲਾਸ਼ਾਂ ਘਰ ਅੰਦਰੋਂ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ | ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਮਾਮਲਾ ਡਬਲ ਖੁਦਕੁਸ਼ੀ ਦਾ ਪ੍ਰਤੀਤ ਹੋ ਰਿਹਾ ਹੈ | ਮਿ੍ਤਕਾਂ ਦੀ ਪਛਾਣ ਨਗਮਾ (29) ਅਤੇ ਮੁਰਸਲੀਮ (24) ਵਜੋਂ ਹੋਈ ਹੈ | ਜਾਣਕਾਰੀ ਮੁਤਾਬਕ ਮੁਰਸਲੀਮ ਦੀ ਲਾਸ਼ ਛੱਤ ਨਾਲ ਲੱਗੇ ਹੁੱਕ ਨਾਲ ਮਫ਼ਲਰ ਦੇ ਸਹਾਰੇ ਫਾਹੇ ਤੇ ਲਟਕਦੀ ਮਿਲੀ, ਜਦਕਿ ਨਗਮਾ ਦੀ ਲਾਸ਼ ਕਮਰੇ ਦੇ ਫਰਸ਼ 'ਤੇ ਪਈ ਹੋਈ ਸੀ | ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਘਰ ਵਿਚ ਮੌਜੂਦ ਬੱਚਿਆਂ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ | ਸੂਚਨਾ ਮਿਲਦੇ ਹੀ ਥਾਣਾ-39 ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ | ਕੇਂਦਰੀ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ | ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ | ਡੀ. ਐੱਸ. ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਪੁਲਿਸ ਕੰਟਰੋਲ ਰੂਮ ਨੂੰ ਕਾਲ ਪ੍ਰਾਪਤ ਹੋਈ ਸੀ ਕਿ ਸੈਕਟਰ-41 ਵਿਚ ਦੋ ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ | ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਅਤੇ ਸਥਾਨਕ ਪੁਲਿਸ ਟੀਮ ਨੇ ਵੇਖਿਆ ਕਿ ਦੋਵੇਂ ਦੀਆਂ ਲਾਸ਼ਾਂ ਘਰ ਅੰਦਰ ਪਈਆਂ ਸਨ | ਸਥਾਨਕ ਲੋਕਾਂ ਦੇ ਅਨੁਸਾਰ ਪਹਿਲਾਂ ਮੁਰਸਲੀਮ ਹੁੱਕ ਨਾਲ ਲਟਕਦਾ ਵੇਖਿਆ ਗਿਆ ਸੀ, ਜਿਸ ਨੂੰ ਬਾਅਦ ਵਿਚ ਹੇਠਾਂ ਉਤਾਰ ਲਿਆ ਗਿਆ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਨਗਮਾ ਦੀ ਸ਼ਾਦੀ ਫਰਮਾਨ ਨਾਲ ਹੋਈ ਸੀ, ਜੋ ਏ.ਸੀ. ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ ਅਤੇ ਇਨ੍ਹਾਂ ਦਿਨਾਂ ਵਿਚ ਉਹ ਕੰਮ ਸਬੰਧੀ ਸਾਹਰਨਪੁਰ ਗਿਆ ਹੋਇਆ ਸੀ, ਜੋਂ ਕਿ ਘਟਨਾ ਸੂਚਨਾ ਮਿਲਣ ਤੇ ਅੱਜ ਰਾਤ ਚੰਡੀਗੜ੍ਹ ਵਾਪਿਸ ਪਰਤਿਆ | ਨਗਮਾ ਅਤੇ ਫ਼ਰਮਾਨ ਦੇ ਦੋ ਬੱਚੇ ਹਨ-ਇਕ ਤਿੰਨ ਸਾਲ ਦੀ ਧੀ ਅਤੇ ਚਾਰ ਸਾਲ ਦਾ ਪੁੱਤਰ | ਬੱਚਿਆਂ ਨੇ ਹੀ ਆਪਣੇ ਪਿਤਾ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ | ਫਰਮਾਨ ਨੇ ਮੁਹਾਲੀ ਵਿਚ ਰਹਿੰਦੇ ਆਪਣੇ ਦੋਸਤ ਨੂੰ ਘਰ ਜਾਣ ਲਈ ਕਿਹਾ | ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ | ਡੀ.ਐੱਸ.ਪੀ. ਅਨੁਸਾਰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਖੁਦਕੁਸ਼ੀ ਦੇ ਕਾਰਣਾਂ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ | ਬੱਚਿਆਂ ਵਲੋਂ ਵੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ | ਪੁਲਿਸ ਵਲੋਂ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |