ਜ਼ੀਰਕਪੁਰ, 26 ਫਰਵਰੀ (ਮਨਿੰਦਰ ਸਿੰਘ)-ਇਲਾਕੇ 'ਚ ਵਾਪਰੇ ਚਾਰ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਦਕਿ ਤਿੰਨਾਂ 'ਚ ਵਾਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ | ਇਨ੍ਹਾਂ 'ਚੋਂ ਪਹਿਲਾ ਹਾਦਸਾ ਦੁਪਹਿਰ 3:15 ਵਜੇ ਕਾਲਕਾ-ਸ਼ਿਮਲਾ ਹਾਈਵੇਅ ਦੇ ਕੇ-ਏਰੀਆ ਫਲਾਈਓਵਰ 'ਤੇ ਵਾਪਰਿਆ, ਜਿਥੇ ਸੜਕ ਦੀ ਸਫਾਈ ਦੌਰਾਨ ਸੜਕ 'ਤੇ ਖੜਿ੍ਹਆ ਸਫਾਈ ਵਾਹਨ ਪਿਛੇ ਰੁੜ ਕੇ ਇਕ ਆਡੀ ਕਾਰ ਨਾਲ ਟਕਰਾ ਗਿਆ | ਇਸ ਸੰਬੰਧੀ ਕਾਰ ਚਾਲਕ ਸੌਰਵ ਅਗਨੀਹੋਤਰੀ ਨੇ ਦੱਸਿਆ ਕਿ ਉਹ ਜ਼ੀਰਕਪੁਰ ਤੋਂ ਪੰਚਕੂਲਾ ਆਪਣੇ ਘਰ ਜਾ ਰਿਹਾ ਸੀ ਕਿ ਹਾਦਸਾ ਵਾਪਰ ਗਿਆ | ਉਨ੍ਹਾਂ ਦੱਸਿਆ ਕਿ ਟਰਾਲੀ ਦੀ ਟੱਕਰ ਕਾਰਨ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ, ਜਿਸ ਨਾਲ ਉਸ ਦਾ ਲਗਪਗ 20 ਲੱਖ ਰੁ. ਦਾ ਨੁਕਸਾਨ ਹੋਇਆ ਹੈ | ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਬੈਰੀਕੇਡਾਂ ਤੇ ਸਾਈਨ ਬੋਰਡਾਂ ਤੋਂ ਬਿਨਾਂ ਖੜ੍ਹੇ ਵਾਹਨ ਵੱਡੇ ਹਾਦਸਿਆਂ ਲਈ ਜ਼ਿੰਮੇਵਾਰ ਸਨ | ਐਨ. ਐਚ. ਏ. ਆਈ. ਦੇ ਅਧਿਕਾਰੀ ਰਾਹੁਲ ਸੋਲਖ ਨੇ ਕਿਹਾ ਕਿ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ, ਜਿਸ ਮਗਰੋਂ ਉਨ੍ਹਾਂ ਇਕ ਟੀਮ ਭੇਜੀ ਹੈ ਅਤੇ ਉਹ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਜਾਂਚ ਕਰ ਰਹੇ ਹਨ | ਦੂਜਾ ਹਾਦਸਾ ਬੀਤੀ ਦੇਰ ਰਾਤ ਫਲਾਈਓਵਰ 'ਤੇ ਬਿਗ ਬਾਜ਼ਾਰ ਦੇ ਸਾਹਮਣੇ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਕਾਰ ਟਾਇਰ ਫੱਟਣ ਕਾਰਨ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਲਾਂਕਿ ਚਾਲਕ ਅਜੈ ਕੁਮਾਰ ਦਾ ਬਚਾਅ ਹੋ ਗਿਆ | ਤੀਜਾ ਹਾਦਸਾ ਡੀ-ਮਾਰਟ ਦੇ ਪਿੱਛੇ ਵਾਪਰਿਆ, ਜਿਥੇ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਇਕ ਲੋਡਿੰਗ ਟੈਂਪੋ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟੈਂਪੋ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ | ਚਸ਼ਮਦੀਦਾਂ ਦੇ ਅਨੁਸਾਰ ਸਕਾਰਪੀਓ ਦੇ ਚਾਲਕ ਨੇ ਸ਼ਰਾਬ ਪੀ ਰੱਖੀ ਸੀ ਤੇ ਹਾਦਸੇ ਤੋਂ ਬਾਅਦ ਉਹ ਭੱਜ ਗਿਆ | ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁਲਿਸ ਫ਼ਰਾਰ ਚਾਲਕ ਦੀ ਭਾਲ ਕਰ ਰਹੀ ਹੈ | ਜ਼ਖਮੀ ਟੈਂਪੋ ਡਰਾਈਵਰ ਦੀ ਅੱਖ 'ਤੇ ਪੰਜ ਟਾਂਕੇ ਤੇ ਹੋਰ ਸੱਟਾਂ ਲੱਗੀਆਂ ਹਨ | ਚੌਥਾ ਹਾਦਸਾ ਢਕੌਲੀ ਦੇ ਡੀ. ਪੀ. ਐੱਸ. ਸਕੂਲ ਦੇ ਨੇੜੇ ਵਾਪਰਿਆ, ਜਿਸ 'ਚ ਇਕ 19 ਸਾਲਾ ਡਿਲੀਵਰੀ ਬੁਆਏ ਨੀਰਜ ਕੁਮਾਰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕ ਟਰਾਲੇ ਨਾਲ ਟਕਰਾ ਗਿਆ, ਜਿਸ ਨਾਲ ਉਸ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ | ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਨੀਰਜ਼ ਇਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਕੰਟਰੋਲ ਗੁਆ ਬੈਠਾ ਤੇ ਉਸ ਦੇ ਟਾਇਰ ਹੇਠ ਆ ਗਿਆ | ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਪੰਚਕੂਲਾ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |