ਐੱਸ. ਏ. ਐੱਸ. ਨਗਰ, 26 ਫਰਵਰੀ (ਕਪਿਲ ਵਧਵਾ)-ਪੰਜਾਬ ਪੁਲਿਸ ਵਲੋਂ ਚਲਾਏ ਜਾ ਰਹੇ ਰਾਜ ਪੱਧਰੀ ਆਪ੍ਰੇਸ਼ਨ 'ਪ੍ਰਹਾਰ' ਦੇ ਤਹਿਤ ਮੁਹਾਲੀ ਵਿਖੇ 10 ਗੰਨ-ਹਾਊਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਦੌਰਾਨ ਅਸਲੇ੍ਹ ਅਤੇ ਕਾਰਤੂਸਾਂ ਦੇ ਰਿਕਾਰਡ ਦੀ ਵਿਸਥਾਰ ਸਹਿਤ ਜਾਂਚ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਸਲ੍ਹੇ ਦੀ ਵੰਡ ਅਤੇ ਰੱਖ-ਰਖਾਅ ਨੂੰ ਨਿਯਮਾਂ ਅਨੁਸਾਰ ਯਕੀਨੀ ਬਣਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਗੰਨ-ਹਾਊਸਾਂ ਦੇ ਲਾਇਸੰਸ, ਰਿਕਾਰਡ ਰਜਿਸਟਰ ਅਤੇ ਸਟਾਕ ਦੀ ਤਸਦੀਕ ਕੀਤੀ ਗਈ | ਉਨ੍ਹਾਂ ਕਿਹਾ ਕਿ ਭਾਵੇਂ ਇਸ ਤਰ੍ਹਾਂ ਦੀ ਜਾਂਚ ਨਿਯਮਿਤ ਤੌਰ 'ਤੇ ਹੁੰਦੀ ਰਹਿੰਦੀ ਹੈ, ਪਰ ਅਚਨਚੇਤ ਚੈਕਿੰਗ ਨਾਲ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਫੜ੍ਹਨਾ ਆਸਾਨ ਹੋ ਜਾਂਦਾ ਹੈ | ਡੀ. ਐੱਸ. ਪੀ. ਬੱਲ ਨੇ ਇਹ ਵੀ ਖੁਲਾਸਾ ਕੀਤਾ ਕਿ ਗੰਨ ਲਾਇਸੰਸ ਲਈ ਲਾਜ਼ਮੀ ਡੋਪ ਟੈਸਟ ਪਾਸ ਨਾ ਕਰਨ ਕਰਕੇ ਕੁਝ ਵਿਅਕਤੀਆਂ ਵਲੋਂ ਆਪਣੇ ਹਥਿਆਰ ਸਿਰੰਡਰ ਕਰ ਦਿੱਤੇ ਗਏ ਹਨ | ਰਾਜ ਪੱਧਰੀ ਮੁਹਿੰਮ ਦੇ ਤਹਿਤ ਲਾਇਸੰਸ ਮਿਆਦ ਪੂਰੀ ਹੋਣ ਜਾਂ ਅਪਰਾਧਿਕ ਰਿਕਾਰਡ ਦਰਜ ਹੋਣ ਕਾਰਨ ਕਰੀਬ 7 ਹਜ਼ਾਰ ਅਸਲ੍ਹਾ ਲਾਇਸੰਸ ਰੱਦ ਕੀਤੇ ਜਾਣ ਦੀ ਪ੍ਰਕਿਰਿਆ ਵੀ ਜਾਰੀ ਹੈ | ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਮੁਹਿੰਮ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਭਵਿੱਖ 'ਚ ਵੀ ਜਾਰੀ ਰਹੇਗੀ |