ਕੁਰਾਲੀ, 26 ਫਰਵਰੀ (ਹਰਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਹਲਕਾ ਖਰੜ 'ਚ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਮਨੋਰਥ ਨਾਲ ਹਲਕਾ ਖਰੜ ਦੇ ਨਵ-ਨਿਯੁਕਤ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਚਨਾਲੋਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਸਾਬਕਾ ਸਰਪੰਚ ਚਨਾਲੋਂ ਵਲੋਂ ਖੇੜਾ ਨਾਲ ਹਲਕੇ ਦੇ ਸਿਆਸੀ ਮਾਹੌਲ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ਖੇੜਾ ਦੀ ਹਲਕਾ ਇੰਚਾਰਜ਼ ਵਲੋਂ ਕੀਤੀ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਮਿਹਨਤੀ ਤੇ ਨੌਜਵਾਨ ਆਗੂ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪਣ ਨਾਲ ਵਰਕਰਾਂ 'ਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੁਰਾਣੇ ਟਕਸਾਲੀ ਆਗੂ ਅਤੇ ਵਰਕਰ ਖੇੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਇਸੇ ਦੌਰਾਨ ਰਵਿੰਦਰ ਸਿੰਘ ਖੇੜਾ ਨੇ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਟਕਸਾਲੀ ਆਗੂਆਂ ਦੇ ਤਜ਼ਰਬੇ ਤੋਂ ਤਜਰਬਾ ਹਾਸਿਲ ਕਰਦਿਆਂ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹਲਕਾ ਖਰੜ ਅਕਾਲੀ ਦਲ ਦਾ ਗੜ੍ਹ ਬਣ ਕੇ ਉਭਰੇਗਾ | ਇਸੇ ਦੌਰਾਨ ਖੇੜਾ ਦੀਆਂ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਲਜਿੰਦਰ ਸਿੰਘ ਦੀ ਅਗਵਾਈ 'ਚ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪਾਲ ਸਿੰਘ, ਮਹਾ ਸਿੰਘ, ਦਰਬਾਰਾ ਸਿੰਘ, ਗੁਰਜੀਤ ਸਿੰਘ, ਰਾਜਾ ਚਨਾਲੋਂ, ਬੱਬੂ ਗੌਤਮ, ਰਣਧੀਰ ਸਿੰਘ, ਦਲਬੀਰ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ ਚਨਾਲੋਂ ਅਤੇ ਹਰਜੀਤ ਸਿੰਘ ਚਨਾਲੋਂ ਆਦਿ ਪਤਵੰਤੇ ਹਾਜ਼ਰ ਸਨ |