ਜ਼ੀਰਕਪੁਰ, 26 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪ੍ਰਾਪਰਟੀ ਝਗੜੇ ਦੇ ਚਲਦਿਆਂ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ ਕਥਿਤ ਤੌਰ 'ਤੇ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਨਾਮਜ਼ਦ ਕਰਦਿਆਂ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਰਾਕੇਸ਼ ਕੁਮਾਰ (36) ਵਾਸੀ ਮੌਲੀ ਜਾਗਰਾਂ (ਚੰਡੀਗੜ੍ਹ) ਨੇ ਕਿਹਾ ਕਿ ਉਹ ਨਾਭਾ ਸਾਹਿਬ ਦੇ ਹਾਈ ਗਰਾਊਾਡ ਰੋਡ 'ਤੇ ਸਥਿਤ ਦਫ਼ਤਰ ਤੋਂ ਪ੍ਰਾਪਰਟੀ ਦਾ ਕੰਮ ਕਰਦਾ ਹੈ | 24 ਫਰਵਰੀ ਨੂੰ ਅਪਿੰਦਰਪਾਲ ਸਿੰਘ ਨੇ ਫ਼ੋਨ ਕਰਕੇ ਉਸ 'ਤੇ ਉਸ ਦੀ ਭੈਣ ਨਾਲ ਨਾਜਾਇਜ਼ ਸੰਬੰਧ ਹੋਣ ਦੇ ਦੋਸ਼ ਲਗਾਏ | ਉਸੇ ਸਮੇਂ ਰਾਕੇਸ਼ ਨੇ ਅਪਿੰਦਰਪਾਲ ਸਿੰਘ ਦੀ ਆਪਣੀ ਪਤਨੀ ਨਾਲ ਗੱਲ ਕਰਵਾਈ ਤੇ ਅਪਿੰਦਰਪਾਲ ਨੂੰ ਦਫ਼ਤਰ ਦਾ ਪਤਾ ਦਿੱਤਾ | ਇਸ ਤੋਂ ਬਾਅਦ ਅਪਿੰਦਰਪਾਲ ਸ਼ਾਮ ਦੇ 5.30 ਵਜੇ ਦੇ ਕਰੀਬ ਆਪਣੇ ਦੋ ਸਾਥੀਆਂ ਸਮੇਤ ਉਸ ਦੇ ਦਫ਼ਤਰ ਪੁੱਜਿਆ | ਦੋਸ਼ ਹੈ ਕਿ ਫ਼ੋਨ ਚੈੱਕ ਕਰਨ ਤੋਂ ਬਾਅਦ ਉਸ ਨੇ ਰਾਕੇਸ਼ ਨਾਲ ਗਾਲੀ-ਗਲੋਚ ਕਰਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਜਦੋਂ ਉਸ ਦੀ ਪਤਨੀ ਤੇ ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ | ਇਸ ਤੋਂ ਬਾਅਦ ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਰਾਕੇਸ਼ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਢਕੌਲੀ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਬੀ. ਐੱਨ. ਐੱਸ. ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |