ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ)- ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਅੱਜ ਮੁੰਬਈ 'ਚ ਵੱਡੇ ਉਦਯੋਗਿਕ ਘਰਾਣਿਆਂ ਨਾਲ ਲੜੀਵਾਰ ਉੱਚ-ਪੱਧਰੀ ਮੀਟਿੰਗਾਂ ਕਰ ਕੇ ਪੰਜਾਬ ਵਿਚ ਨਿਵੇਸ਼ ਦੇ ਸੰਭਾਵੀ ਮੌਕਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ 13-15 ਮਾਰਚ 2026 ਤੱਕ ਮੋਹਾਲੀ ਦੀ ਪਲਾਕਸ਼ਾ ਯੂਨੀਵਰਸਿਟੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਆਪਣੀ ਫੇਰੀ ਦੌਰਾਨ ਕੈਬਨਿਟ ਮੰਤਰੀ ਨੇ ਟਾਟਾ ਸੰਨਜ਼ ਦੇ ਚੇਅਰਪਰਸਨ ਐਨ. ਚੰਦਰਸ਼ੇਖਰਨ; ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਚੇਅਰਮੈਨ ਦਿਲੀਪ ਸ਼ੰਘਵੀ; ਟਾਟਾ ਪਾਵਰ ਦੇ ਐਮਡੀ ਅਤੇ ਸੀਈਓ ਡਾ. ਪ੍ਰਵੀਰ ਸਿਨਹਾ ਅਤੇ ਐਸਾਰ ਗਰੁੱਪ ਦੇ ਅੰਸ਼ੁਮਨ ਰੁਈਆ ਨਾਲ ਮੁਲਾਕਾਤ ਕੀਤੀ | ਇਨ੍ਹਾਂ ਮੀਟਿੰਗਾਂ ਵਿੱਚ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਨਵਿਆਉਣਯੋਗ ਊਰਜਾ, ਫਾਰਮਾਸਿਊਟੀਕਲ, ਐਡਵਾਂਸਡ ਮੈਨੂਫੈਕਚਰਿੰਗ, ਡਿਜੀਟਲ ਬੁਨਿਆਦੀ ਢਾਂਚਾ ਅਤੇ ਗਰੀਨ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ |