ਐਸ.ਏ.ਐਸ.ਨਗਰ, 5 ਮਾਰਚ (ਕਪਿਲ ਵਧਵਾ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹੋਲੀ ਦੇ ਦਿਨ ਲੜਾਈ-ਝਗੜਿਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ | ਸਿਵਲ ਹਸਪਤਾਲ ਫੇਜ਼-6 ਵਿਚ ਹੋਲੀ ਦੇ ਦਿਨ ਕੁੱਲ 18 ਲੜਾਈ-ਝਗੜਿਆਂ ਵਿਚ ਜ਼ਖਮੀ ਹੋਏ ਲੋਕ ਇਲਾਜ ਲਈ ਪਹੁੰਚੇ | ਇਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਦਕਿ ਕਈ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਕੁਝ ਨੂੰ ਫਸਟ ਐਡ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ | ਉੱਧਰ ਹੋਲੀ ਦੇ ਮੌਕੇ 'ਤੇ ਸ਼ਹਿਰ ਵਿਚ ਪੁਲਿਸ ਦਾ ਸਖਤ ਪਹਿਰਾ ਵੀ ਦੇਖਣ ਨੂੰ ਮਿਲਿਆ | ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਰੰਗਾਂ ਦੀ ਬਜਾਏ ਪੁਲਿਸ ਵਲੋਂ ਡੰਡੇ ਵਰਸਾਏ ਗਏ | ਫੇਜ਼-3ਬੀ2 ਮਾਰਕੀਟ ਵਿਚ ਪੁਲਿਸ ਵਲੋਂ ਦੁਪਹਿਰ 1 ਵਜੇ ਤੱਕ ਹੀ ਹੋਲੀ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਦੇ ਬਾਵਜੂਦ ਦੁਪਹਿਰ 1 ਵਜੇ ਤੋਂ ਬਾਅਦ ਵੀ ਕੁਝ ਨੌਜਵਾਨ ਇਕ-ਦੂਜੇ 'ਤੇ ਜ਼ਬਰਦਸਤੀ ਰੰਗ ਸੁੱਟਦੇ ਅਤੇ ਹੋਲੀ ਖੇਡਦੇ ਨਜ਼ਰ ਆਏ | ਇਸ 'ਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਉੱਥੋਂ ਖਦੇੜ ਕੇ ਮਾਰਕੀਟ ਖਾਲੀ ਕਰਵਾ ਦਿੱਤੀ |