ਚੰਡੀਗੜ੍ਹ, 5 ਮਾਰਚ (ਅਜਾਇਬ ਸਿੰਘ ਔਜਲਾ) ਪੰਜਾਬੀ ਬਾਲੀਵੁੱਡ ਅਤੇ ਦੱਖਣੀ ਫਿਲਮਾਂ ਦਾ ਹਿੱਸਾ ਬਣੀ ਅਭਿਨੇਤਰੀ ਜੋਨੀਤਾ ਡੋਡਾ ਨੇ ਅੱਜ 'ਅਜੀਤ' ਸਟੂਡੀਓ ਵਿਖੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਭਾਵੇਂ ਉਸ ਨੇ ਭਾਰਤ ਦੀਆਂ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ਵਿਚ ਅਦਾਕਾਰੀ ਦਿੱਤੀ ਹੈ, ਪ੍ਰੰਤੂ ਪੰਜਾਬੀ ਜ਼ੁਬਾਨ ਮਿੱਠੀ ਹੈ, ਉੱਥੇ ਇਸ ਵਿਚ ਆਪਣਾਪਨ ਵੀ ਵਧੇਰੇ ਮਹਿਸੂਸ ਹੁੰਦਾ ਹੈ | ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਮਧੁਰ ਭੰਡਾਰਕਰ ਅਤੇ ਪ੍ਰਸਿੱਧ ਅਭਿਨੇਤਾ ਸਲਮਾਨ ਖਾਨ ਦੀ ਫਿਲਮ ''ਮੈਨੇ ਪਿਆਰ ਕਿਉਂ ਕੀਆ'' ਦੇ ਨਾਲ ਨਾਲ ਹਿੰਦੀ ਫਿਲਮ ''ਦਿਲ ਵਿਚਾਰਾ ਪਿਆਰ ਕਾ ਮਾਰਾ'' ਅਤੇ ਇੰਡੋ ਕੈਨੇਡੀਅਨ ਫਿਲਮ 'ਗੁਲਦਸਤਾ' ਦਾ ਹਿੱਸਾ ਬਣੀ ਅਭਿਨੇਤਰੀ ਜੋਨੀਤਾ ਡੋਡਾ ਨੇ ਇਹ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਉਹ ਹੁਣ ਫਿਲਮਾਂ ਦੇ ਨਾਲ ਨਾਲ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਸਰਗਰਮ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨਾਲ ਉਨ੍ਹਾਂ ਵਲੋਂ ਮੁੱਖ ਭੂਮਿਕਾ ਵਿਚ ਕੀਤੀ ਫਿਲਮ 'ਚੱਕ ਜਵਾਨਾਂ' ਵਿਚ ਉਹ ਸਾਰਥਕ ਭੂਮਿਕਾ ਲਵਾਈ ਜੋ ਅਜੌਕੇ ਦੌਰ ਵਿਚ ਪੰਜਾਬ ਦੀ ਸਥਿਤੀ ਦੀ ਵੀ ਗੱਲ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਉਸ ਵਲੋਂ ਹਿੰਦੀ, ਪੰਜਾਬੀ ਅਤੇ ਦੱਖਣੀ ਭਾਰਤੀ ਭਾਸ਼ਾਵਾਂ ਵਿਚ ਫ਼ਿਲਮਾਂ ਦੌਰਾਨ ਆਪਣੀਆਂ ਸਾਰਥਕ ਭੂਮਿਕਾਵਾਂ ਨੂੰ ਵੀ ਵਧੇਰੇ ਤਵੱਜੋਂ ਦਿੱਤੀ ਹੈ | ਇਕ ਸੁਆਲ ਦੇ ਜੁਆਬ ਵਿਚ ਜੋਨੀਤਾ ਡੋਡਾ ਨੇ ਕਿਹਾ ਕਿ ਮਰਹੂਮ ਪ੍ਰਸਿੱਧ ਗਾਇਕ ਸੁਰਜੀਤ ਬਿੰਦਰਖੀਆ ਦਾ ਗਾਇਆ ਅਤੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਦਾ ਲਿਖਿਆ ਗੀਤ 'ਪੇਕੇ ਹੁੰਦੇ ਮਾਵਾਂ ਨਾਲ'' ਸਕੂਲ ਸਮੇਂ ਦੀ ਪੜ੍ਹਾਈ ਦੌਰਾਨ ਇਸ ਵਿਚ ਅਦਾਕਾਰੀ ਦਿੱਤੀ ਸੀ, ਜਿਸ ਨੂੰ ਅੱਜ ਵੀ ਮਾਵਾਂ, ਧੀਆਂ, ਭੈਣਾਂ ਵਲੋਂ ਅੱਜ ਵੀ ਭਾਵੁਕਤਾ ਨਾਲ ਵੇਖਿਆ ਜਾ ਰਿਹਾ ਹੈ | ਅੱਜ ਇੱਥੇ 'ਅਜੀਤ' ਸਟੂਡੀਓ 'ਚ ਪਹੁੰਚਣ ਸਮੇਂ ਡਾ. ਵਿਕਰਮਜੀਤ ਸਿੰਘ ਮਾਨ ਅਤੇ 'ਅਜੀਤ' ਦੇ ਹੋਰ ਮੈਂਬਰਾਂ ਵਲੋਂ ਅਭਿਨੇਤਰੀ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦਿਆਂ ਜੀ-ਆਇਆਂ ਆਖਿਆ ਗਿਆ |