ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਮੁਹਾਲੀ ਵਿਖੇ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਕੂਚ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜੀ. ਟੀ. ਯੂ. ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਦੀ ਪ੍ਰਧਾਨਗੀ ਹੇਠ ਸਥਾਨਕ ਫੇਜ਼-8 ਵਿਖੇ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਸੁਰੇਸ਼ ਕੁਮਾਰ ਠਾਕੁਰ, ਅਮਨਦੀਪ ਸਿੰਘ, ਅਜਮੇਰ ਸਿੰਘ ਲੌਂਗੀਆ ਤੇ ਗੁਰਬਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਹੋਏ | ਇਸ ਸੰਬੰਧੀ ਆਗੂਆਂ ਨੇ ਦੱਸਿਆ ਕਿ ਬਦਲਾਅ ਦੇ ਨਾਂਅ 'ਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਵਲੋਂ ਸਮੁੱਚੇ ਵਰਗਾਂ ਨਾਲ ਅਨੇਕਾਂ ਵਾਅਦੇ ਹੀ ਨਹੀਂ ਕੀਤੇ ਗਏ ਸਨ, ਸਗੋਂ ਗਰੰਟੀਆਂ ਦਿੱਤੀਆਂ ਗਈਆਂ ਸਨ, ਪਰ ਇਸ ਸਰਕਾਰ ਵਲੋਂ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ 8 ਮਾਰਚ ਤੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲਗਾਤਾਰ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ ਹੈ |