ਚੰਡੀਗੜ੍ਹ, 8 ਮਾਰਚ (ਸੰਦੀਪ ਕੁਮਾਰ ਮਾਹਨਾ) ਨਗਰ ਨਿਗਮ ਚੰਡੀਗੜ੍ਹ ਵਲੋਂ ਸ਼ਹਿਰ ਵਿਚ ਗੈਰ-ਕਾਨੂੰਨੀ ਕਬਜ਼ਿਆਂ ਅਤੇ ਬਿਨਾਂ ਇਜਾਜ਼ਤ ਹੋ ਰਹੀਆਂ ਗਤੀਵਿਧੀਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖਦਿਆਂ ਅੱਜ ਸੈਕਟਰ 35, ਬੁੜੈਲ (ਸੈਕਟਰ 45), ਮਨੀਮਾਜਰਾ ਅਤੇ ਸੈਕਟਰ 13 ਦੇ ਕਾਰ ਬਾਜ਼ਾਰ ਵਿਚ ਵਿਸ਼ੇਸ਼ ਅਣਅਧਿਕਾਰਤ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ | ਇਸ ਦੌਰਾਨ ਤਹਿਬਾਜ਼ਾਰੀ ਟੀਮ ਨੂੰ ਕਈ ਕਾਰ ਡੀਲਰ ਸਰਕਾਰੀ ਥਾਵਾਂ ''ਤੇ ਬਿਨਾਂ ਲਾਜ਼ਮੀ ਸਟਿੱਕਰਾਂ ਦੇ ਵਾਹਨ ਖੜੇ ਕਰਕੇ ਪ੍ਰਦਰਸ਼ਿਤ ਕਰਦੇ ਮਿਲੇ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਤਹਿਬਾਜ਼ਾਰੀ ਟੀਮ ਵਲੋਂ 13 ਕਾਰਾਂ ਨੂੰ ਮੌਕੇ 'ਤੇ ਹੀ ਜ਼ਬਤ ਕਰ ਲਿਆ ਗਿਆ | ਇਸ ਤੋਂ ਇਲਾਵਾ ਤਹਿਬਾਜ਼ਾਰੀ ਵਿਭਾਗ ਦੇ ਸਟਾਫ਼ ਵਲੋਂ ਸੈਕਟਰ 35, ਸੈਕਟਰ 45/ਬੁੜੈਲ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਜਾਂਚ ਕੀਤੀ ਗਈ | ਇਸ ਦੌਰਾਨ ਗੈਰਕਾਨੂੰਨੀ ਕਬਜ਼ਿਆਂ ਅਤੇ ਹੋਰ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਕੁੱਲ 82 ਚਾਲਾਨ ਕੱਟੇ ਗਏ |ਇਹ ਮੁਹਿੰਮ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ | ਤਹਿਬਾਜ਼ਾਰੀ ਵਿੰਗ ਦੇ ਇੰਸਪੈਕਟਰਾਂ ਦੀ ਪੰਜ ਮੈਂਬਰੀ ਟੀਮ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਅਤੇ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ | ਮੁਹਿੰਮ ਦੌਰਾਨ ਸਾਰੀ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਕੀਤੀ ਗਈ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਚੰਡੀਗੜ 'ਚ ਸਰਕਾਰੀ ਥਾਵਾਂ ਨੂੰ ਗੈਰਕਾਨੂੰਨੀ ਕਬਜ਼ਿਆਂ ਤੋਂ ਮੁਕਤ ਰੱਖਣ ਅਤੇ ਸ਼ਹਿਰ ਵਿਚ ਨਾਗਰਿਕ ਅਨੁਸ਼ਾਸਨ ਬਣਾਈ ਰੱਖਣ ਲਈ ਨਿਗਮ ਵਚਨਬੱਧ ਹੈ |